ਪਟਿਆਲਾ, 24 ਜੂਨ :- ਸਾਲ 2000 ਵਿੱਚ ਸਥਾਪਿਤ ਹੋਈ ਪਟਿਆਲਾ ਸੋਸ਼ਲ ਵੈਲਫੇਅਰ ਸੋਸਾਇਟੀ ਇਸ ਵਰ੍ਹੇ ਆਪਣਾ ਸਿਲਵਰ ਜੁਬਲੀ ਸਾਲ ਮਨਾ ਰਹੀ ਹੈ। ਇਸ ਮੌਕੇ ਨਗਰ ਨਿਗਮ ਪਟਿਆਲਾ ਦੀ ਕਮਿਸ਼ਨਰ ਸ੍ਰੀਮਤੀ ਪੂਜਾ ਸਿਆਲ ਗਰੇਵਾਲ (ਪੀ.ਸੀ.ਐਸ.) ਨੇ ਸੋਸਾਇਟੀ ਵੱਲੋਂ ਤਿਆਰ ਕੀਤੇ ਕੱਪੜੇ ਅਤੇ ਜੂਟ ਦੇ ਥੈਲਿਆਂ ਦਾ ਨਿਰੀਖਣ ਕੀਤਾ ਅਤੇ ਲੋਕਾਂ ਨੂੰ ਪਲਾਸਟਿਕ ਦੇ ਲਿਫ਼ਾਫਿਆਂ ਦੀ ਵਰਤੋਂ ਛੱਡਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਕਿਹਾ ਕਿ ਪਟਿਆਲਾ ਸੋਸ਼ਲ ਵੈਲਫੇਅਰ ਸੋਸਾਇਟੀ ਪਿਛਲੇ 17-18 ਸਾਲਾਂ ਤੋਂ ਲੋਕਾਂ ਨੂੰ ਪਲਾਸਟਿਕ ਦੇ ਲਿਫ਼ਾਫਿਆਂ ਦੀ ਥਾਂ ਕੱਪੜੇ ਅਤੇ ਜੂਟ ਦੇ ਥੈਲੇ ਵਰਤਣ ਲਈ ਜਾਗਰੂਕ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਲਾਸਟਿਕ ਦੇ ਲਿਫ਼ਾਫਿਆਂ ਵਿੱਚ ਰੱਖਿਆ ਖਾਣ-ਪੀਣ ਦਾ ਸਮਾਨ ਜਲਦੀ ਖਰਾਬ ਹੋ ਸਕਦਾ ਹੈ ਅਤੇ ਸਿਹਤ ਲਈ ਵੀ ਹਾਨੀਕਾਰਕ ਸਾਬਤ ਹੋ ਸਕਦਾ ਹੈ। ਇਸ ਨਾਲ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।
ਪੂਜਾ ਸਿਆਲ ਗਰੇਵਾਲ ਨੇ ਕਿਹਾ ਕਿ ਪੁਰਾਣੇ ਸਮਿਆਂ ਵਿੱਚ ਲੋਕ ਕੱਪੜੇ ਦੇ ਥੈਲੇ ਲੈ ਕੇ ਬਾਜ਼ਾਰ ਜਾਂਦੇ ਸਨ ਅਤੇ ਉਸ ਵਿੱਚ ਸਮਾਨ ਲਿਆਉਂਦੇ ਸਨ, ਜਿਸ ਨਾਲ ਵਾਤਾਵਰਣ ਦੀ ਸੁਰੱਖਿਆ ਦੇ ਨਾਲ-ਨਾਲ ਸਿਹਤ ਦਾ ਵੀ ਧਿਆਨ ਰੱਖਿਆ ਜਾਂਦਾ ਸੀ। ਅੱਜ ਦੁਬਾਰਾ ਉਸੇ ਸੱਭਿਆਚਾਰ ਨੂੰ ਅਪਣਾਉਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਸੋਸਾਇਟੀ ਸਮਾਜ ਦੇ ਭਲੇ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਪਲਾਸਟਿਕ ਮੁਕਤ ਵਾਤਾਵਰਣ ਲਈ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਹੁਣ ਤੱਕ ਸੋਸਾਇਟੀ ਵੱਲੋਂ ਲਗਭਗ ਡੇਢ ਲੱਖ ਕੱਪੜੇ ਅਤੇ ਜੂਟ ਦੇ ਥੈਲੇ ਲੋਕਾਂ ਵਿੱਚ ਵੰਡੇ ਜਾ ਚੁੱਕੇ ਹਨ, ਤਾਂ ਜੋ ਲੋਕ ਖਰੀਦਦਾਰੀ ਸਮੇਂ ਇਨ੍ਹਾਂ ਦੀ ਵਰਤੋਂ ਕਰ ਸਕਣ ਅਤੇ ਪਲਾਸਟਿਕ ਤੋਂ ਹੋਣ ਵਾਲੇ ਨੁਕਸਾਨ ਤੋਂ ਬਚ ਸਕਣ।
ਇਸ ਮੌਕੇ ਪਟਿਆਲਾ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਵਿਜੇ ਗੋਇਲ, ਸੁਪਰਡੈਂਟ ਵਿਸ਼ਾਲ ਪੁਰੀ, ਕ੍ਰਿਸ਼ਨ ਕੱਕੜ ਅਤੇ ਹੋਰ ਪਤਵੰਤੇ ਵਿਅਕਤੀ ਹਾਜ਼ਰ ਸਨ।
ਪਟਿਆਲਾ ਸੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ ਸਿਲਵਰ ਜੁਬਲੀ ਸਾਲ ਮੌਕੇ ਪਲਾਸਟਿਕ ਮੁਕਤ ਸਮਾਜ ਦਾ ਦਿੱਤਾ ਸੰਦੇਸ਼
