ਪਟਿਆਲਾ, 2 ਸਤੰਬਰ:- ਨੇਪਾਲ ਅਤੇ ਅਨੇਕਾਂ ਦੇਸ਼ਾਂ ਵਿੱਚ ਆ ਰਹੀਆਂ ਭਿਆਨਕ ਕੁਦਰਤੀ, ਮੌਸਮੀ ਅਤੇ ਮਨੁੱਖੀ ਤਬਾਹੀਆਂ ਅਤੇ ਜੰਗਾਂ ਦੌਰਾਨ ਸੁੱਟੇ ਜਾ ਰਹੇ ਬੰਬਾਂ ਕਾਰਨ ਬੇਮੌਤ ਮਰਨ ਤੋਂ ਬਚਣ ਅਤੇ ਪੀੜਤਾਂ ਦੀਆਂ ਜਾਨਾਂ ਬਚਾਉਣ ਲਈ ਬਚਪਨ ਤੋਂ ਹੀ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਅਤੇ ਵੈਟੀਲੈਟਰ ਪੁਜ਼ੀਸ਼ਨਾਂ ਦੀਆਂ ਟ੍ਰੇਨਿੰਗਾਂ, ਅਭਿਆਸ ਅਤੇ ਮੌਕ ਡਰਿੱਲਾਂ ਕਰਵਾਉਣ ਲਈ ਜੰਗੀ ਪੱਧਰ ’ਤੇ ਯਤਨ ਕੀਤੇ ਜਾਣੇ ਚਾਹੀਦੇ ਹਨ।
ਇਹ ਜਾਣਕਾਰੀ ਦਿੰਦਿਆਂ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਅਤੇ ਫਾਇਰ ਸੇਫਟੀ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਨੇ 5 ਪੰਜਾਬ ਬਟਾਲੀਅਨ ਐਨ.ਸੀ.ਸੀ. ਦੇ ਸਾਲਾਨਾ ਕੈਂਪ ਦੌਰਾਨ 500 ਤੋਂ ਵੱਧ ਕੈਡਿਟਾਂ ਨੂੰ ਟ੍ਰੇਨਿੰਗ ਦਿੰਦਿਆਂ ਇਹ ਵਿਚਾਰ ਪ੍ਰਗਟ ਕੀਤੇ। ਕਾਕਾ ਰਾਮ ਵਰਮਾ ਵੱਲੋਂ ਪਿਛਲੇ 45 ਸਾਲਾਂ ਤੋਂ ਵਿਦਿਆਰਥੀਆਂ, ਅਧਿਆਪਕਾਂ, ਪੁਲਿਸ, ਫੈਕਟਰੀ ਕਰਮਚਾਰੀਆਂ, ਐਨ.ਐਸ.ਐਸ. ਵਲੰਟੀਅਰਾਂ ਅਤੇ ਐਨ.ਸੀ.ਸੀ. ਕੈਡਿਟਾਂ ਨੂੰ ਐਮਰਜੈਂਸੀ ਦੌਰਾਨ ਕੀਮਤੀ ਜਾਨਾਂ ਬਚਾਉਣ ਸਬੰਧੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਸਿੱਖਿਆ ਸੰਸਥਾਵਾਂ ਵਿੱਚ ਵਿਦਿਆਰਥੀਆਂ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਦੀ ਥਾਂ ਨੱਚਣ-ਟੱਪਣ, ਗੀਤ ਗਾਉਣ ਅਤੇ ਡਾਂਸ ਕਰਨ ਦੀਆਂ ਟ੍ਰੇਨਿੰਗਾਂ ਅਤੇ ਅਭਿਆਸ ਤਾਂ ਕਰਵਾਏ ਜਾਂਦੇ ਹਨ, ਪਰ ਆਪਣੇ ਬਚਾਅ ਅਤੇ ਪੀੜਤਾਂ ਦੀ ਸਹਾਇਤਾ ਕਰਨ ਸਬੰਧੀ ਟ੍ਰੇਨਿੰਗ ਅਤੇ ਅਭਿਆਸ ਕਰਵਾਉਣ ਲਈ ਯਤਨ ਨਹੀਂ ਕੀਤੇ ਜਾਂਦੇ। ਇਸ ਕਾਰਨ 80 ਫੀਸਦੀ ਤੋਂ ਵੱਧ ਹਾਦਸੇ ਅਤੇ ਦੁਰਘਟਨਾਵਾਂ ਅਣਗਹਿਲੀ ਅਤੇ ਲਾਪਰਵਾਹੀ ਕਾਰਨ ਵਾਪਰ ਰਹੀਆਂ ਹਨ ਅਤੇ ਬੱਚੇ, ਨੌਜਵਾਨ ਅਤੇ ਨਾਗਰਿਕ ਬੇਮੌਤ ਮਰ ਰਹੇ ਹਨ।
ਉਨ੍ਹਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ, ਸਿੱਖਿਆ ਮੰਤਰੀ, ਮੁੱਖ ਸਕੱਤਰ, ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ, ਪੰਜਾਬ ਰਾਜ ਬਾਲ ਸੁਰੱਖਿਆ ਕਮਿਸ਼ਨ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਪੱਤਰ ਭੇਜ ਕੇ ਬੇਨਤੀ ਕੀਤੀ ਗਈ ਹੈ ਕਿ ਨੈਸ਼ਨਲ ਸਕੂਲ ਡਿਜ਼ਾਸਟਰ ਮੈਨੇਜਮੈਂਟ ਪਲਾਨ ਅਨੁਸਾਰ ਵਿਦਿਆਰਥੀਆਂ ਨੂੰ ਡਿਜ਼ਾਸਟਰ ਮੈਨੇਜਮੈਂਟ, ਸਿਵਲ ਡਿਫੈਂਸ, ਫਸਟ ਏਡ, ਸੀ.ਪੀ.ਆਰ., ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ ਅਤੇ ਐਮਰਜੈਂਸੀ ਦੌਰਾਨ ਆਪਣੇ ਬਚਾਅ ਸਬੰਧੀ ਟ੍ਰੇਨਿੰਗ ਅਤੇ ਅਭਿਆਸ ਵਿਸ਼ਾ ਮਾਹਿਰਾਂ ਰਾਹੀਂ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕੇਵਲ ਲੈਕਚਰ ਦੇਣ ਤੱਕ ਹੀ ਸੀਮਤ ਨਾ ਰੱਖਿਆ ਜਾਵੇ।
ਕਾਕਾ ਰਾਮ ਵਰਮਾ ਨੇ ਦੱਸਿਆ ਕਿ ਟ੍ਰੇਨਿੰਗਾਂ ਦੌਰਾਨ ਵਿਦਿਆਰਥੀਆਂ ਦੀਆਂ 10 ਪ੍ਰਕਾਰ ਦੀਆਂ ਟੀਮਾਂ ਬਣਾਈਆਂ ਜਾਣ, ਜਿਨ੍ਹਾਂ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ, ਰੈਸਕਿਊ, ਟਰਾਂਸਪੋਰਟ, ਅਸੈਂਬਲੀ ਪੁਆਇੰਟ, ਹੈਲਪਲਾਈਨ ਨੰਬਰਾਂ ਦੀ ਵਰਤੋਂ ਆਦਿ ਸਬੰਧੀ ਵਿਵਹਾਰਕ ਸਿਖਲਾਈ ਦਿੱਤੀ ਜਾਵੇ। ਇਨ੍ਹਾਂ ਟੀਮਾਂ ਵਿੱਚ ਸਕੂਲਾਂ ਦੇ ਨੇੜੇ ਦੇ ਦੁਕਾਨਦਾਰਾਂ ਆਦਿ ਨੂੰ ਵੀ ਸ਼ਾਮਲ ਕੀਤਾ ਜਾਵੇ, ਕਿਉਂਕਿ ਐਮਰਜੈਂਸੀ ਦੌਰਾਨ ਪੀੜਤਾਂ ਦੀ ਮਦਦ ਕਰਨ ਲਈ ਬਾਹਰਲੇ ਹਮਦਰਦ ਲੋਕਾਂ ਵੱਲੋਂ ਹੀ ਵੱਧ ਤੋਂ ਵੱਧ ਮਦਦ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਐਨ.ਡੀ.ਆਰ.ਐੱਫ., ਫਾਇਰ ਬ੍ਰਿਗੇਡ, ਪੁਲਿਸ ਅਤੇ ਐਂਬੂਲੈਂਸਾਂ ਸੂਚਨਾ ਮਿਲਣ ਤੋਂ ਬਾਅਦ ਕੁਝ ਸਮੇਂ ਮਗਰੋਂ ਘਟਨਾ ਸਥਾਨ ’ਤੇ ਪਹੁੰਚ ਕੇ ਮਦਦ ਸ਼ੁਰੂ ਕਰਦੀਆਂ ਹਨ। ਇਸ ਲਈ ਆਫ਼ਤ ਜਾਂ ਐਮਰਜੈਂਸੀ ਦੇ ਪਹਿਲੇ ਕੁਝ ਮਿੰਟਾਂ ਵਿੱਚ ਲੋਕਾਂ ਨੂੰ ਆਪਣੇ ਬਚਾਅ ਦੇ ਨਾਲ-ਨਾਲ ਪੀੜਤਾਂ ਦੀ ਮਦਦ ਕਰਨ ਲਈ ਸਿਖਲਾਈ ਪ੍ਰਾਪਤ ਹੋਣਾ ਬਹੁਤ ਜ਼ਰੂਰੀ ਹੈ।