ਜਲੰਧਰ:- ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ 27 ਮਾਰਚ 2026 ਨੂੰ ਦਿਨੇ 11:00 ਵਜੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਵਿਸ਼ਵ ਰੰਗ ਮੰਚ ਦਿਹਾੜਾ ਮਨਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵਿਸ਼ਵ ਰੰਗ ਮੰਚ ਦਿਹਾੜਾ ਉਸ ਮੌਕੇ ਮਨਾਇਆ ਜਾ ਰਿਹਾ ਹੈ। ਜਦੋਂ ਕੁੱਲ ਦੁਨੀਆਂ ਦੇ ਲੋਕਾਂ ਉਪਰ ਅਮਰੀਕੀ ਇਜ਼ਰਾਇਲੀ ਹਾਕਮਾਂ ਵੱਲੋਂ ਜ਼ਬਰੀ ਨਿਹੱਕੀ ਜੰਗ ਮੜ੍ਹ ਕੇ ਕੁਦਰਤੀ ਅਨਮੋਲ ਖਜ਼ਾਨੇ ਲੁੱਟਣ ਅਤੇ ਵਿਸ਼ਵ ਬਾਜ਼ਾਰ ਨੂੰ ਆਪਣੀਆਂ ਨੀਤੀਆਂ ਮੁਤਾਬਕ ਕਾਬੂ ਕਰਨ ਲਈ ਹੱਲਾ ਬੋਲਿਆ ਜਾ ਰਿਹਾ ਹੈ।
ਅਜੇਹੇ ਮੌਕੇ ਦੁਨੀਆਂ ਦੇ ਰੰਗ ਮੰਚ 'ਤੋਂ ਸਾਮਰਾਜੀ ਅਤੇ ਉਹਨਾਂ ਦੀਆਂ ਹਿੱਤ ਪਾਲਕ ਤਾਕਤਾਂ ਦੇ ਚੰਦਰੇ ਮਨਸੂਬੇ ਨਾਕਾਮ ਕਰਨ ਦਾ ਸੁਨੇਹਾ ਦੇਵੇਗਾ ਰੰਗ ਮੰਚ ਦਿਹਾੜਾ। ਇਹ ਦਿਹਾੜਾ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਦਿਹਾੜਾ ਬਣਕੇ ਸਾਹਮਣੇ ਆਏਗਾ। ਇਸ ਮੌਕੇ ਕਮੇਟੀ ਦੇ ਸੀਨੀਅਰ ਟਰੱਸਟੀ ਪ੍ਰੋ. ਵਰਿਆਮ ਸਿੰਘ ਸੰਧੂ 'ਜ਼ਿੰਦਗੀ ਰੰਗ ਮੰਚ ਹੈ' ਵਿਸ਼ੇ 'ਤੇ ਵਿਚਾਰ ਸਾਂਝੇ ਕਰਨਗੇ।
ਇਸ ਉਪਰੰਤ ਨਵਚਿੰਤਨ ਕਲਾ ਮੰਚ ਬਿਆਸ ਵੱਲੋਂ ਗੁਰਸ਼ਰਨ ਸਿੰਘ ਦਾ ਲਿਖਿਆ ਨਾਟਕ 'ਸੀਸ ਤਲੀ 'ਤੇ' ਨਿਰਦੇਸ਼ਕ ਕਰਾਂਤੀਪਾਲ ਅਤੇ ਸਹਿਯੋਗੀ ਪ੍ਰਿਤਪਾਲ ਦੀ ਨਿਰਦੇਸ਼ਨਾ 'ਚ ਅਤੇ ਨੀਰਜ ਕੌਸ਼ਿਕ ਦੀ ਨਿਰੇਦਸ਼ਨਾ 'ਚ ਲਘੂ-ਨਾਟਕ 'ਮੋਇਆਂ ਦੇ ਖ਼ਤ' ਅਦਾਕਾਰ ਆਰੂਸ਼ੀ ਤੇ ਐਸ.ਪੀ.ਸਿੰਘ ਵੱਲੋਂ ਖੇਡਿਆ ਜਾਏਗਾ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਲੋਕ-ਪੱਖੀ ਸੰਸਥਾਵਾਂ, ਵਿਦਵਾਨਾਂ, ਲੇਖਕਾਂ ਅਤੇ ਰੰਗਕਰਮੀਆਂ ਨੂੰ ਇਸ ਸਮਾਗਮ 'ਚ ਸ਼ਾਮਲ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਹੈ।
