ਚੰਡੀਗੜ੍ਹ, 28 ਜੁਲਾਈ:- ਹਰਿਆਣਾ ਸਰਕਾਰ ਨੇ ਸਰਕਾਰੀ ਯੋਜਨਾਵਾਂ, ਪ੍ਰੋਜੈਕਟਾਂ ਅਤੇ ਹੋਰ ਵਿਭਾਗੀ ਕੰਮਾਂ  ਨੂੰ ਸਮੇਂ ਸਿਰ ਅਮਲ ਯਕੀਨੀ ਬਣਾਉਣ ਲਈ ਸਾਰੇ ਵਿਭਾਗਾਂ ਨੂੰ ਉਪਲਬਧ ਮਨੁੱਖੀ ਵਸੀਲਿਆਂ (ਮਨੁੱਖੀ ਸ਼ਕਤੀ) ਦੀ ਸੁਚੱਜੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਹੁਣੇ ਹੀ ਹੋਈ ਇੱਕ ਸਮੀਖਿਆ ਮੀਟਿੰਗ ਵਿੱਚ ਕੁਝ ਵਿਭਾਗਾਂ ਵੱਲੋਂ ਕੰਮਾਂ ਵਿੱਚ ਦੇਰੀ ਦਾ ਕਾਰਨ ਮੈਨਪਾਵਰ ਦੀ ਘਾਟ ਦੱਸੇ ਜਾਣ ਉੱਤੇ ਗੰਭੀਰ ਚਿੰਤਾ ਪ੍ਰਗਟਾਈ ਗਈ ਸੀ। ਇਸ ਤੋਂ ਬਾਅਦ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਇਸ ਸਬੰਧ ਵਿੱਚ ਸਾਰੇ ਪ੍ਰਸ਼ਾਸਕੀ ਸਕੱਤਰਾਂ, ਵਿਭਾਗ ਮੁਖੀਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਵਿਸਥਾਰਤ ਨਿਰਦੇਸ਼ ਜਾਰੀ ਕੀਤੇ ਹਨ।
ਮੁੱਖ ਸਕੱਤਰ ਨੇ ਕਿਹਾ ਕਿ ਸਭ ਵਿਭਾਗ ਮਨੁੱਖੀ ਵਸੀਲਿਆਂ ਨਾਲ ਜੁੜੀਆਂ ਸਮੱਸਿਆਵਾਂ ਦਾ ਸਮਾਂ ਰਹਿੰਦਿਆਂ ਹੱਲ ਯਕੀਨੀ ਬਣਾਉਣ ਤਾਂ ਜੋ ਸਰਕਾਰ ਦੀਆਂ ਯੋਜਨਾਵਾਂ, ਵਿਕਾਸ ਪ੍ਰੋਜੈਕਟਾਂ ਅਤੇ ਹੋਰ ਸੌਂਪੇ ਗਏ ਕੰਮਾਂ ਦੇ ਅਮਲ ਉੱਤੇ ਮਾੜਾ ਪ੍ਰਭਾਵ ਨਾ ਪਵੇ।
ਨਿਰਦੇਸ਼ਾਂ ਵਿੱਚ ਸਾਰੇ ਵਿਭਾਗ ਮੁਖੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਵਿਭਾਗ ਅਤੇ ਅਧੀਨ ਦਫ਼ਤਰਾਂ ਤੇ ਸੰਸਥਾਵਾਂ ਵਿੱਚ ਉਪਲਬਧ ਮਨੁੱਖੀ ਵਸੀਲਿਆਂ ਦੀ ਨਿੱਜੀ ਪੱਧਰ ਉੱਤੇ ਸਮੀਖਿਆ ਕਰਨ ਅਤੇ ਇਸ ਦੀ ਸਰਵੋਤਮ ਅਤੇ ਪ੍ਰਭਾਵਸ਼ਾਲੀ ਵਰਤੋਂ ਯਕੀਨੀ ਬਣਾਉਣ। ਜਿੱਥੇ ਕਿਤੇ ਵੀ ਕਰਮਚਾਰੀਆਂ ਦੀ ਘਾਟ ਪਾਈ ਜਾਂਦੀ ਹੈ, ਉੱਥੇ ਪ੍ਰਚਲਿਤ ਸਰਕਾਰੀ ਨੀਤੀਆਂ ਦੇ ਮੁਤਾਬਕ ਉਪਲਬਧ ਸਾਰੇ ਬਦਲਾਂ ਦੀ ਵਰਤੋਂ ਕਰਦਿਆਂ ਲੋੜੀਂਦੇ ਕਦਮ ਚੁੱਕੇ ਜਾਣ। ਇਨ੍ਹਾਂ ਵਿੱਚ ਕਰਮਚਾਰੀਆਂ ਦੀ ਤਰਕਸੰਗਤ ਮੁੜ ਤਾਇਨਾਤੀ (ਰੈਸ਼ਨਲ ਰਿਡਪਲਾਇਮੈਂਟ), ਪ੍ਰਵਾਨਿਤ ਮਾਧਿਅਮਾਂ ਰਾਹੀਂ ਲੋੜੀਂਦੇ ਅਮਲੇ ਦੀ ਨਿਯੁਕਤੀ ਅਤੇ ਲੋੜ ਅਨੁਸਾਰ ਨਿਯਮਤ ਭਰਤੀ ਦੀ ਪ੍ਰਕਿਰਿਆ ਸ਼ਾਮਲ ਹੈ।
ਮੁੱਖ ਸਕੱਤਰ ਨੇ ਸਪੱਸ਼ਟ ਕੀਤਾ ਹੈ ਕਿ ਭਵਿੱਖ ਵਿੱਚ ਕਿਸੇ ਵੀ ਸਰਕਾਰੀ ਕੰਮ, ਪ੍ਰੋਜੈਕਟ ਜਾਂ ਵਿਭਾਗੀ ਜ਼ਿੰਮੇਵਾਰੀ ਨੂੰ ਨਿਭਾਉਣ ਵਿੱਚ ਦੇਰੀ ਲਈ ਮੈਨਪਾਵਰ ਦੀ ਘਾਟ ਨੂੰ ਕਾਰਨ ਵਜੋਂ ਸਵੀਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਵਿਭਾਗ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੀਆਂ ਮਨੁੱਖੀ ਵਸੀਲਿਆਂ ਦੀਆਂ ਲੋੜਾਂ ਦਾ ਸਮਾਂ ਰਹਿੰਦਿਆਂ ਮੁਲਾਂਕਣ ਕਰੇ, ਉਪਲਬਧ ਪ੍ਰਬੰਧਾਂ ਰਾਹੀਂ ਕਾਫ਼ੀ ਕਰਮਚਾਰੀਆਂ ਦੀ ਤਾਇਨਾਤੀ ਯਕੀਨੀ ਬਣਾਵੇ ਅਤੇ ਸਭ ਸਰਕਾਰੀ ਪ੍ਰੋਗਰਾਮਾਂ ਅਤੇ ਪ੍ਰੋਜੈਕਟਾਂ ਨੂੰ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਪੂਰਾ ਕੀਤਾ ਜਾਵੇ।
ਉਨ੍ਹਾਂ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਮਨੁੱਖੀ ਵਸੀਲਿਆਂ ਨਾਲ ਜੁੜੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਕਰਮਚਾਰੀਆਂ ਦੀ ਘਾਟ ਕਾਰਨ ਕਿਸੇ ਵੀ ਵਿਕਾਸ ਕਾਰਜ, ਸਰਕਾਰੀ ਯੋਜਨਾ ਜਾਂ ਵਿਭਾਗੀ ਜ਼ਿੰਮੇਵਾਰੀ ਨੂੰ ਨਿਭਾਉਣ ਵਿੱਚ ਕੋਈ ਅੜਿੱਕਾ ਪੈਦਾ ਨਾ ਹੋਵੇ।
ਮੁੱਖ ਸਕੱਤਰ ਨੇ ਸਭ ਸਬੰਧਤ ਅਧਿਕਾਰੀਆਂ ਨੂੰ ਇਸ ਨੂੰ ਬਹੁਤ ਮਹੱਤਵਪੂਰਨ ਮੰਨਦਿਆਂ ਸਰਵਉੱਚ ਤਰਜੀਹ ਉੱਤੇ ਕਾਰਵਾਈ ਕਰਨ ਅਤੇ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਸਾਰੇ ਕੰਮਾਂ ਦਾ ਪ੍ਰਭਾਵਸ਼ਾਲੀ ਅਮਲ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।