ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਫਰਵਰੀ:- ਨਗਰ ਨਿਗਮ ਮੋਹਾਲੀ ਵੱਲੋਂ ਸ਼ਹਿਰ ਦੀਆਂ ਸੜਕਾਂ ਨੂੰ ਸਾਫ਼–ਸੁਥਰਾ, ਵਾਤਾਵਰਣ ਨੂੰ ਸਿਹਤਮੰਦ ਅਤੇ ਸ਼ਹਿਰੀ ਜੀਵਨ ਨੂੰ ਹੋਰ ਸੁਚੱਜਾ ਬਣਾਉਣ ਦੇ ਮਕਸਦ ਨਾਲ ਸ਼ਹਿਰ ਪੱਧਰ ’ਤੇ ਵਿਸ਼ੇਸ਼ ਸੜਕ ਸਫ਼ਾਈ ਅਤੇ ਸੈਨੀਟੇਸ਼ਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਮਿਸ਼ਨਰ, ਨਗਰ ਨਿਗਮ ਮੋਹਾਲੀ, ਪਰਮਿੰਦਰਪਾਲ ਸਿੰਘ, ਆਈ.ਏ.ਐਸ. ਨੇ ਦੱਸਿਆ ਕਿ ਇਹ ਮੁਹਿੰਮ ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ, ਬਾਜ਼ਾਰਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਚਲਾਈ ਜਾ ਰਹੀ ਹੈ। ਇਸ ਤਹਿਤ ਸੜਕਾਂ, ਫੁੱਟਪਾਥਾਂ ਅਤੇ ਵਿਚਕਾਰਲੇ ਹਿੱਸਿਆਂ ਤੋਂ ਧੂੜ, ਮਲਬਾ, ਬਾਗਬਾਨੀ ਕੂੜਾ ਅਤੇ ਗੰਦਗੀ ਦੀ ਨਿਯਮਿਤ ਸਫ਼ਾਈ ਕੀਤੀ ਜਾ ਰਹੀ ਹੈ। ਸਫ਼ਾਈ ਲਈ ਹੱਥੀਂ ਅਤੇ ਮਸ਼ੀਨੀ, ਦੋਹਾਂ ਤਰੀਕਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ, ਖਾਸ ਕਰਕੇ ਵਧੇਰੇ ਆਵਾਜਾਈ ਵਾਲੇ ਅਤੇ ਸੰਘਣੀ ਅਬਾਦੀ ਵਾਲੇ ਖੇਤਰਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਨਗਰ ਨਿਗਮ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਫ਼ਾਈ ਮੁਹਿੰਮ ਵਿੱਚ ਪੂਰਾ ਸਹਿਯੋਗ ਦੇਣ, ਸੜਕਾਂ ’ਤੇ ਕੂੜਾ ਨਾ ਸੁੱਟਣ, ਆਲੇ–ਦੁਆਲੇ ਸਫ਼ਾਈ ਬਣਾਈ ਰੱਖਣ ਅਤੇ ਨਿਰਧਾਰਿਤ ਸਫ਼ਾਈ ਸਮੇਂ ਦੌਰਾਨ ਸੜਕ ਕਿਨਾਰੇ ਵਾਹਨ ਪਾਰਕ ਕਰਨ ਤੋਂ ਗੁਰੇਜ਼ ਕਰਨ। ਉਨ੍ਹਾਂ ਦੱਸਿਆ ਕਿ ਪਾਣੀ ਭਰਾਉਣ ਤੋਂ ਬਚਾਅ ਅਤੇ ਸਾਫ਼–ਸੁਥਰੇ ਹਾਲਾਤ ਯਕੀਨੀ ਬਣਾਉਣ ਲਈ ਸੜਕਾਂ ਦੀਆਂ ਨਾਲੀਆਂ (ਰੋਡ ਗਲੀਆਂ) ਦੀ ਵੀ ਵਿਆਪਕ ਸਫ਼ਾਈ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਜ਼ੋਨ ਨੰਬਰ–1 ਦੇ ਸਾਰੇ ਰਿਸੋਰਸ ਮੈਨੇਜਮੈਂਟ ਸੈਂਟਰਾਂ (ਅਰ ਐਮ ਸੀ) ਦੀ ਸਫ਼ਾਈ ਅਤੇ ਰਖ–ਰਖਾਅ ਦਾ ਕੰਮ ਪੂਰਾ ਕਰ ਲਿਆ ਗਿਆ ਹੈ, ਜਿਸ ਨਾਲ ਕੂੜਾ ਪ੍ਰਬੰਧਨ ਪ੍ਰਣਾਲੀ ਨੂੰ ਹੋਰ ਸੁਚੱਜਾ ਬਣਾਇਆ ਗਿਆ ਹੈ। ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਆਰ ਐਮ ਸੀ ਸੈਕਟਰ 80, ਆਰ ਐਮ ਸੀ ਫੇਜ਼–9 ਅਤੇ ਆਰ ਐਮ ਸੀ ਸੈਕਟਰ–69 ਸਮੇਤ ਨੇੜਲੇ ਵਪਾਰਕ ਖੇਤਰਾਂ ਦਾ ਮੌਕੇ ’ਤੇ ਜਾ ਕੇ ਨਿਰੀਖਣ ਕੀਤਾ ਗਿਆ, ਤਾਂ ਜੋ ਕੂੜੇ ਦੀ ਸਮੇਂ ਸਿਰ ਨਿਪਟਾਰਾ/ਇਕੱਤਰ ਕਰਨ ਦੀ ਪ੍ਰਕਿਰਿਆ ਯਕੀਨੀ ਬਣਾਈ ਜਾ ਸਕੇ। ਬਾਜ਼ਾਰੀ ਖੇਤਰਾਂ ਵਿੱਚ ਦੋਹਰੇ ਡੱਬੇ (ਟਵਿਨ ਬਿਨ) ਵੀ ਲਗਾਏ ਗਏ ਹਨ, ਤਾਂ ਜੋ ਸਰੋਤ ’ਤੇ ਹੀ ਕੂੜੇ ਦੀ ਵੱਖ–ਵੱਖ ਛਾਂਟ ਨੂੰ ਉਤਸ਼ਾਹ ਮਿਲੇ।
ਜੁਆਇੰਟ ਕਮਿਸ਼ਨਰ ਜਸਜੀਤ ਸਿੰਘ, ਪੀ.ਸੀ.ਐਸ. ਨੇ ਕਿਹਾ ਕਿ ਨਗਰ ਨਿਗਮ ਮੋਹਾਲੀ ਸਵੱਛ ਭਾਰਤ ਮਿਸ਼ਨ ਤਹਿਤ ਸ਼ਹਿਰੀ ਸਫ਼ਾਈ ਅਤੇ ਵਾਤਾਵਰਣਕ ਸਿਹਤ ਦੇ ਉੱਚ ਮਿਆਰ ਬਰਕਰਾਰ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨਾਗਰਿਕਾਂ ਨੂੰ ਇਸ ਸਾਂਝੀ ਮੁਹਿੰਮ ਵਿੱਚ ਪੂਰਾ ਸਹਿਯੋਗ ਦੇਣ ਦੀ ਅਪੀਲ ਕਰਦਿਆਂ, ਸਾਵਧਾਨ ਵੀ ਕੀਤਾ ਕਿ ਸਫ਼ਾਈ ਨਿਯਮਾਂ ਦੀ ਉਲੰਘਣਾ ਕਰਨ ਜਾਂ ਕੂੜਾ ਸੁੱਟਣ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਖ਼ਿਲਾਫ਼ ਸਖ਼ਤ ਕਾਰਵਾਈ ਸਮੇਤ ਚਲਾਨ ਜਾਰੀ ਕਰਨ ਆਦਿ ਕੀਤੀ ਜਾਵੇਗੀ।