ਅੰਬਾਲਾ, 18 ਫਰਵਰੀ:- ਨਸ਼ੀਲੇ ਪਦਾਰਥਾਂ ਤੋਂ ਮੁਕਤ ਹਰਿਆਣਾ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਅੰਬਾਲਾ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲੀਸ ਪੰਕਜ ਨੈਨ ਦੀ ਪ੍ਰਧਾਨਗੀ ਹੇਠ ਅੱਜ ਜ਼ਬਤ ਕੀਤੇ ਗਏ ਨਾਜਾਇਜ਼ ਨਸ਼ੀਲੇ ਪਦਾਰਥਾਂ ਦੀ ਵੱਡੀ ਮਾਤਰਾ ਨੂੰ ਸੁਰੱਖਿਅਤ ਢੰਗ ਨਾਲ ਨਸ਼ਟ ਕੀਤਾ ਗਿਆ। ਅੰਬਾਲਾ ਰੇਂਜ ਦੇ ਤਿੰਨੋਂ ਜ਼ਿਲ੍ਹਿਆਂ ਦੇ ਪੁਲੀਸ ਸੁਪਰਡੈਂਟ ਵੀ ਭੜੋਗ ਵਿੱਚ ਮੈਸਰਜ਼ ਰੁਦਰਾਕਸ਼ ਐਨਵਾਇਰੋਕੇਅਰ (ਪੀ) ਲਿਮਟਿਡ ਫੈਕਟਰੀ ਦੇ ਅਹਾਤੇ ਵਿੱਚ ਆਯੋਜਿਤ ਇਸ ਕਾਰਵਾਈ ਦੌਰਾਨ ਮੌਜੂਦ ਰਹੇ।
ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਦੇ ਹੋਏ ਅੰਬਾਲਾ, ਕੁਰੂਕਸ਼ੇਤਰ ਅਤੇ ਯਮੁਨਾਨਗਰ ਜ਼ਿਲ੍ਹਿਆਂ ਵਿੱਚ ਕੁੱਲ 309 ਮਾਮਲਿਆਂ ਨਾਲ ਸਬੰਧਿਤ 18 ਕੁਇੰਟਲ, 18 ਕਿੱਲੋਗਰਾਮ, 406 ਗਰਾਮ ਅਤੇ 109 ਮਿਲੀਗਰਾਮ ਨਸ਼ੀਲੇ ਪਦਾਰਥ ਸੁਰੱਖਿਅਤ ਢੰਗ ਨਾਲ ਨਸ਼ਟ ਕੀਤੇ ਗਏ। ਇਹ ਨਸ਼ੀਲੇ ਪਦਾਰਥ ਵੱਖ-ਵੱਖ ਪੁਲੀਸ ਕਾਰਵਾਈਆਂ ਦੌਰਾਨ ਨਸ਼ਾ ਤਸਕਰਾਂ ਤੋਂ ਬਰਾਮਦ ਕੀਤੇ ਗਏ ਸਨ।
ਇਸ ਮੌਕੇ ਆਈਜੀਪੀ ਪੰਕਜ ਨੈਨ ਨੇ ਮੀਡੀਆ ਨੂੰ ਦੱਸਿਆ ਕਿ ਨਸ਼ਾ ਤਸਕਰਾਂ ਵਿਰੁੱਧ ਪੁਲੀਸ ਦੀ ਸਖ਼ਤ ਕਾਰਵਾਈ ਜਾਰੀ ਰਹੇਗੀ। ਪੁਲੀਸ ਦੀ ਮੁਹਿੰਮ ਚਲਦੀ ਰਹਿੰਦੀ ਹੈ। ਫੜਿਆ ਗਿਆ ਨਸ਼ਾ ਨਸ਼ਟ ਕਰਨ ਲਈ ਕਮੇਟੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਪਿਛਲੇ 5-6 ਮਹੀਨਿਆਂ ਵਿਚ ਉਨ੍ਹਾਂ ਦੀ ਰੇਂਜ ਦੇ ਤਿੰਨਾਂ ਜ਼ਿਲ੍ਹਿਆਂ ਨੇ ਬਹੁਤ ਅੱਛਾ ਕੰਮ ਕੀਤਾ। ਇਕ ਸਵਾਲ ਦੇ ਜਵਾਬ ਵਿਚ ਆਈਜੀਪੀ ਨੇ ਕਿਹਾ ਕਿ ਇਨ੍ਹਾਂ ਚੀਜ਼ਾਂ ਨੂੰ ਕੀਮਤ ਜ਼ੀਰੋ ਹੁੰਦੀ ਹੈ। ਇਨ੍ਹਾਂ ਨੂੰ ਤਾਂ ਜਾਨਵਰ ਵੀ ਨਹੀਂ ਖਾਂਦਾ। ਇਨ੍ਹਾਂ ਦਾ ਤਾਂ ਧੂੰਆਂ ਵੀ ਪ੍ਰੇਸ਼ਾਨ ਕਰ ਰਿਹਾ ਹੈ। 
ਉਨ੍ਹਾਂ ਮੀਡੀਆ ਕਰਮੀਆਂ ਨੂੰ ਕਿਹਾ ਕਿ ਅਜਿਹੀਆਂ ਚੀਜ਼ਾਂ ਨੂੰ ਕੀਮਤ ਨਾਲ ਗਲੋਰੀਫਾਈ ਨਾ ਕੀਤਾ ਜਾਵੇ। ਇਨ੍ਹਾਂ ਦੀ ਕੀਮਤ ਸਮਾਜ ਦੇ ਕੁਝ ਅਪਰਾਧੀਆਂ ਅਤੇ ਕੁਝ ਭਟਕੇ ਹੋਏ ਨੌਜਵਾਨਾਂ ਲਈ ਹੋ ਸਕਦੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਵਿਸ਼ੇਸ਼ ਅਪੀਲ ਕੀਤੀ ਕਿ ਉਹ ਹਰ ਤਰ੍ਹਾਂ ਦੇ ਨਸ਼ੇ ਤੋਂ ਦੂਰ ਰਹਿਣ ਅਤੇ ਆਪਣੀ ਊਰਜਾ ਪੜ੍ਹਾਈ ਅਤੇ ਖੇਡਾਂ ਵਰਗੀਆਂ ਉਸਾਰੂ ਗਤੀਵਿਧੀਆਂ 'ਤੇ ਕੇਂਦਰਿਤ ਕਰਨ, ਆਪਣੇ ਲਈ ਇੱਕ ਉੱਜਵਲ ਭਵਿੱਖ ਬਣਾਉਣ।ਉਨ੍ਹਾਂ ਆਮ ਲੋਕਾਂ ਨੂੰ ਵੀ ਨਸ਼ਾ ਮੁਕਤ ਸਮਾਜ ਬਣਾਉਣ ਵਿੱਚ ਪੁਲੀਸ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।
ਨਸ਼ਾ ਨਸ਼ਟ ਕਰਨ ਦੀ ਕਾਰਵਾਈ ਦੌਰਾਨ ਅੰਬਾਲਾ ਦੇ ਐਸ.ਪੀ ਅਜੀਤ ਸਿੰਘ ਸ਼ੇਖਾਵਤ, ਕੁਰੂਕਸ਼ੇਤਰ ਐਸ.ਪੀ ਨਿਤੀਸ਼ ਅਗਰਵਾਲ, ਯਮੁਨਾਨਗਰ ਐਸ.ਪੀ ਕਮਲਦੀਪ ਗੋਇਲ ਅਤੇ ਹੋਰ ਅਧਿਕਾਰੀ ਮੌਜੂਦ ਸਨ।