ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 25 ਅਕਤੂਬਰ: ਡੇਰਾਬੱਸੀ ਹਲਕੇ ਦੇ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਅੱਜ ਵਾਰਡ ਨੰਬਰ 8 ਦੇ ਲੱਕੀ ਵਿਹਾਰ ਇਲਾਕੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ, ਬਲਾਕ ਪ੍ਰਧਾਨ, ਐਮ.ਸੀ. ਮੈਂਬਰਾਂ ਤੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਲਗਭਗ 25 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਤੇ ਸੜਕਾਂ ਦੇ ਕੰਮਾਂ ਦੀ ਸ਼ੁਰੂਆਤ ਕੀਤੀ।
ਵਿਧਾਇਕ ਨੇ ਮੌਕੇ 'ਤੇ ਹੀ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਇਹ ਸਾਰੇ ਕੰਮ ਉੱਚ ਗੁਣਵੱਤਾ ਨਾਲ ਤੇ ਨਿਰਧਾਰਤ ਸਮੇਂ ਅੰਦਰ ਪੂਰੇ ਕੀਤੇ ਜਾਣ, ਤਾਂ ਜੋ ਵਾਰਡ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਦਾ ਲਾਭ ਜਲਦ ਤੋਂ ਜਲਦ ਮਿਲ ਸਕੇ।
ਇਸ ਤੋਂ ਬਾਅਦ ਸ. ਰੰਧਾਵਾ ਨੇ ਵਾਰਡ ਨੰਬਰ 19 ਦੇ ਸ਼੍ਰੀ ਰਵਿਦਾਸ ਮੁਹੱਲੇ ਵਿੱਚ 30 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਮਕਸਦ ਹਰ ਗਲੀ, ਹਰ ਮੁਹੱਲੇ ਤੱਕ ਵਿਕਾਸ ਪਹੁੰਚਾਉਣਾ ਹੈ ਅਤੇ ਕਿਸੇ ਵੀ ਇਲਾਕੇ ਨੂੰ ਅਣਡਿੱਠਾ ਨਹੀਂ ਛੱਡਿਆ ਜਾਵੇਗਾ।
ਮੌਕੇ 'ਤੇ ਵਾਰਡ ਨੰਬਰ 8 ਅਤੇ 19 ਦੇ ਵਸਨੀਕਾਂ ਨੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦਾ ਤਹਿ-ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਨਾਲ ਇਲਾਕੇ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ।
ਇਸ ਮੌਕੇ ਵਿਧਾਇਕ ਰੰਧਾਵਾ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਸੁਝਾਵ ਤੇ ਜ਼ਮੀਨੀ ਹਕੀਕਤਾਂ ਅਨੁਸਾਰ ਕੰਮ ਕਰ ਰਹੀ ਹੈ। ਸਾਡੀ ਪਹਿਲ ਆਮ ਆਦਮੀ ਨੂੰ ਸੁਵਿਧਾਵਾਂ ਦੇਣਾ ਹੈ — ਚਾਹੇ ਗਲੀਆਂ ਬਣਾਉਣੀਆਂ ਹੋਣ, ਸੀਵਰੇਜ ਸਿਸਟਮ ਸੁਧਾਰਨਾ ਹੋਵੇ ਜਾਂ ਸਾਫ਼ ਪੀਣਯੋਗ ਪਾਣੀ ਪ੍ਰਦਾਨ ਕਰਨਾ। ਉਨ੍ਹਾਂ ਕਿਹਾ ਕਿ ਉਹ ਖੁਦ ਹਰ ਵਾਰਡ ਤੇ ਹਰ ਪਿੰਡ ਦਾ ਦੌਰਾ ਕਰਦੇ ਹਨ ਤਾਂ ਜੋ ਵਿਕਾਸ ਦੇ ਕੰਮ ਰੁਕ ਨਿਰਵਿਘਨ ਜਾਰੀ ਰਹਿਣ। ਉਨ੍ਹਾਂ ਕਿਹਾ ਕਿ ਡੇਰਾਬੱਸੀ ਹਲਕਾ ਵਿਕਾਸ ਦਾ ਮਾਡਲ ਬਣੇਗਾ, ਇਹ ਉਨ੍ਹਾਂ ਦਾ ਵਾਅਦਾ ਹੈ।
ਵਿਧਾਇਕ ਰੰਧਾਵਾ ਨੇ ਇਹ ਵੀ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਅਤੇ ਆਮ ਆਦਮੀ ਪਾਰਟੀ ਹਮੇਸ਼ਾਂ ਆਮ ਲੋਕਾਂ ਦੇ ਨਾਲ ਖੜੀ ਹੈ ਤੇ ਲੋਕਾਂ ਦੇ ਵਿਸ਼ਵਾਸ 'ਤੇ ਖਰਾ ਉਤਰਨਾ ਹੀ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ।