ਪਟਿਆਲਾ:- ਆਜ਼ਾਦੀ ਦਾ ਅਸਲ ਭਾਵ ਇਹ ਹੈ ਕਿ ਅਸੀਂ ਆਪਣੇ ਦੇਸ਼, ਸਮਾਜ ਅਤੇ ਘਰ-ਪਰਿਵਾਰ ਨੂੰ ਸਿਹਤਮੰਦ, ਤੰਦਰੁਸਤ, ਸੁਰੱਖਿਅਤ, ਖੁਸ਼ਹਾਲ ਅਤੇ ਉੱਨਤ ਬਣਾਉਣ ਲਈ ਆਪਣੇ ਗਿਆਨ ਵਿੱਚ ਵਾਧਾ ਕਰੀਏ। ਸਾਨੂੰ ਦੇਸ਼, ਸਮਾਜ ਅਤੇ ਪਰਿਵਾਰਾਂ ਦੀ ਤਬਾਹੀ ਦੇ ਕਾਰਨਾਂ ਨੂੰ ਸਮਝਦੇ ਹੋਏ ਗਿਆਨ, ਨਿਸ਼ਕਾਮ ਮਾਨਵਤਾਵਾਦੀ ਸੋਚ ਅਤੇ ਵਿਗਿਆਨ ਨੂੰ ਆਪਣੀਆਂ ਸ਼ਕਤੀਆਂ ਬਣਾਉਣਾ ਚਾਹੀਦਾ ਹੈ। ਬਚਪਨ ਤੋਂ ਹੀ ਇਨ੍ਹਾਂ ਗੁਣਾਂ ਨੂੰ ਸਮਝਣ ਅਤੇ ਅਪਣਾਉਣ ਲਈ ਚੰਗੇ ਅਧਿਆਪਕਾਂ, ਗੁਰੂਆਂ ਅਤੇ ਵਿਸ਼ਾ ਮਾਹਿਰਾਂ ਤੋਂ ਸਹੀ ਅਗਵਾਈ ਲੈਣੀ ਚਾਹੀਦੀ ਹੈ।
ਇਹ ਵਿਚਾਰ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਵਿਖੇ ਆਜ਼ਾਦੀ ਦਿਵਸ ਮੌਕੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਆਪਣੀ ਸੁਰੱਖਿਆ, ਖੁਸ਼ਹਾਲੀ ਅਤੇ ਉੱਨਤੀ ਲਈ ਗਿਆਨ, ਅਨੁਸ਼ਾਸਨ ਅਤੇ ਨਿਮਰਤਾ ਨੂੰ ਆਪਣੀਆਂ ਸ਼ਕਤੀਆਂ ਬਣਾਉਣਾ ਜ਼ਰੂਰੀ ਹੈ।
ਇਸ ਮੌਕੇ ਐਨ.ਸੀ.ਸੀ. ਕੈਡਿਟਾਂ, ਸਕਾਊਟ-ਗਾਈਡ ਅਤੇ ਐਨ.ਐਸ.ਐਸ. ਵਲੰਟੀਅਰਾਂ ਵੱਲੋਂ ਮਾਰਚ ਪਾਸਟ ਪਰੇਡ ਕਰਕੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ। ਸਮਾਗਮ ਦੌਰਾਨ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਮਹਾਨ ਸ਼ਹੀਦਾਂ ਨੂੰ ਵੀ ਸ਼ਰਧਾ ਨਾਲ ਯਾਦ ਕੀਤਾ ਗਿਆ।
ਸਕੂਲ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੈਂਬਰਾਂ ਦੀ ਮੌਜੂਦਗੀ ਵਿੱਚ ਸਮਾਜ ਸੁਧਾਰਕ ਸ੍ਰੀ ਕਾਕਾ ਰਾਮ ਵਰਮਾ ਨੇ ਕਿਹਾ ਕਿ ਜਦੋਂ ਸਮਾਜ ਵਿੱਚ ਭਾਈਚਾਰੇ, ਪਿਆਰ, ਹਮਦਰਦੀ, ਨਿਮਰਤਾ, ਸਹਿਣਸ਼ੀਲਤਾ ਅਤੇ ਅਨੁਸ਼ਾਸਨ ਦੀ ਘਾਟ ਪੈਦਾ ਹੁੰਦੀ ਹੈ ਤਾਂ ਵੰਡ ਅਤੇ ਬਰਬਾਦੀਆਂ ਜਨਮ ਲੈਂਦੀਆਂ ਹਨ। ਇਸ ਲਈ ਸਾਨੂੰ ਆਪਸੀ ਪਿਆਰ, ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।
ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਅਤੇ ਅਪਰਾਧਾਂ ਤੋਂ ਦੂਰ ਰਹਿਣ ਦੇ ਨਾਲ-ਨਾਲ ਮੋਬਾਈਲ ਫੋਨ ਦੀ ਗਲਤ ਵਰਤੋਂ, ਮਾੜੇ ਸਾਥੀਆਂ, ਫਾਸਟ ਫੂਡ, ਜੰਕ ਫੂਡ, ਕੋਲਡ ਡਰਿੰਕਸ ਅਤੇ ਆਰਾਮਪ੍ਰਸਤੀ ਤੋਂ ਬਚਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ, ਅਨੁਸ਼ਾਸਨ ਅਤੇ ਚੰਗੀਆਂ ਕਦਰਾਂ-ਕੀਮਤਾਂ ਅਪਣਾਉਣ ਦਾ ਸੰਦੇਸ਼ ਦਿੱਤਾ।
