ਐਸ ਏ ਐਸ ਨਗਰ, 23 ਅਕਤੂਬਰ- ਸਥਾਨਕ ਸਰਕਾਰ ਵਿਭਾਗ ਵਲੋਂ ਨਗਰ ਨਿਗਮ ਐਸ ਏ ਐਸ ਨਗਰ ਦੀ ਹੱਦਬੰਦੀ ਵਧਾਉਣ ਲਈ ਨੋਟੀਫਿਕੇਸ਼ਨ ਜਾਰੀ ਕਰਦਿਆਂ ਇਸ ਸੰਬੰਧੀ 15 ਦਿਨਾਂ ਵਿੱਚ ਇਤਰਾਜ਼ ਮੰਗੇ ਹਨ। ਜਿਨ੍ਹਾਂ ਇਲਾਕਿਆਂ ਨੂੰ ਨਗਰ ਨਿਗਮ ਵਿੱਚ ਸ਼ਾਮਲ ਕਰਨ ਦੀ ਤਜਵੀਜ਼ ਹੈ ਉਨ੍ਹਾਂ ਵਿੱਚ ਸੈਕਟਰ 66 ਅਲਫ਼ਾ, ਸੈਕਟਰ 66 ਬੀਟਾ, ਏਅਰੋ ਸਿਟੀ, ਆਈ ਟੀ ਸਿਟੀ, ਸੈਕਟਰ 81, 82, 83, 85, 86, 88-89, 90-91, 94, ਸੈਕਟਰ 74 ਦਾ ਖੇਤਰ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਇਸ ਸੰਬੰਧੀ 28 ਜੂਨ 2021 ਨੂੰ ਹੋਈ ਵਿੱਚ ਨਗਰ ਨਿਗਮ ਦੀ ਮੀਟਿੰਗ ਦੌਰਾਨ ਨਗਰ ਨਿਗਮ ਦੀ ਹੱਦਬੰਦੀ ਵਿੱਚ ਵਾਧੇ ਸੰਬੰਧੀ ਜਿਹੜਾ ਮਤਾ ਪਾਸ ਕੀਤਾ ਗਿਆ ਸੀ ਵਿੱਚ ਉਸ ਪਿੰਡ ਬਲੌਂਗੀ, ਬੜ ਮਾਜਰਾ, ਬੱਲੋ ਮਾਜਰਾ, ਟੀ ਡੀ ਆਈ ਸੈਕਟਰ 117-118 ਅਤੇ ਪਿੰਡ ਬਲਿਆਲੀ ਨੂੰ ਵੀ ਨਗਰ ਨਿਗਮ ਵਿੱਚ ਸ਼ਾਮਲ ਕਰਨ ਦੀ ਤਜਵੀਜ਼ ਦਿੱਤੀ ਗਈ ਸੀ ਪਰੰਤੂ ਮੌਜੂਦਾ ਨੋਟੀਫਿਕੇਸ਼ਨ ਦੌਰਾਨ ਇਹਨਾਂ ਖੇਤਰਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।
ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ ਦੇ ਦਸਤਖ਼ਤ ਤਹਿਤ ਜਾਰੀ ਹੋਏ ਇਸ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਨਗਰ ਨਿਗਮ, ਐਸ.ਏ.ਐਸ. ਨਗਰ ਦੇ ਹਾਊਸ ਵੱਲੋਂ ਮਤਾ ਨੰ. 25, ਮਿਤੀ 28-6-2021 ਰਾਹੀਂ ਨਗਰ ਨਿਗਮ ਐਸ.ਏ.ਐਸ. ਨਗਰ ਦੀਆਂ ਹੱਦਾਂ ਦੇ ਨਾਲ ਲੱਗਦੇ ਏਰੀਏ/ਪਿੰਡਾਂ/ਸੈਕਟਰਾਂ ਨੂੰ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਨਗਰ ਨਿਗਮ ਐਸ.ਏ.ਐਸ. ਨਗਰ ਦੀ ਹੱਦੂਦ ਅੰਦਰ ਲੈਣ ਦਾ ਫੈਸਲਾ ਕੀਤਾ ਗਿਆ ਸੀ ਜਿਸ ਨੂੰ ਵਿਚਾਰਨ ਤੋਂ ਬਾਅਦ ਸਰਕਾਰ ਵੱਲੋਂ ਅਧਿਸੂਚਨਾ ਨੰਬਰ 06/11/2021 2ਸਸ1 /1603-1605 ਮਿਤੀ 13/12/ 2021 ਜਾਰੀ ਕਰਦੇ ਹੋਏ ਆਮ ਜਨਤਾ ਪਾਸੋਂ ਇਤਰਾਜ਼ ਮੰਗੇ ਗਏ ਸਨ। ਇਸਤੇ ਕਾਰਵਾਈ ਦੌਰਾਨ ਕਮਿਸ਼ਨਰ ਨਗਰ ਨਿਗਮ, ਐਸ. ਏ. ਐਸ. ਨਗਰ, ਮੁੱਖ ਪ੍ਰਸ਼ਾਸਕ ਗਮਾਡਾ ਅਤੇ ਡਿਪਟੀ ਕਮਿਸ਼ਨਰ, ਐਸ.ਏ.ਐਸ. ਨਗਰ ਤੋਂ ਪ੍ਰਾਪਤ ਤਾਜ਼ਾ ਸਥਿਤੀ ਦੀ ਰਿਪੋਰਟ ਨੂੰ ਵਿਚਾਰਦੇ ਹੋਏ ਨਗਰ ਨਿਗਮ ਐਸ. ਏ. ਐਸ. ਨਗਰ ਦੀ ਨਵੀਂ ਹੱਦ ਸ਼ਡਿਊਲ ਆਫ਼ ਬਾਊਂਡਰੀ ਵਿੱਚ ਦਰਸਾਏ ਅਨੁਸਾਰ ਨਗਰ ਨਿਗਮ, ਐਸ.ਏ.ਐਸ. ਨਗਰ ਦੀਆਂ ਹੱਦਾਂ ਵਿੱਚ ਵਾਧਾ ਕਰਨਾ ਵਿਚਾਰ ਅਧੀਨ ਹੈ।
ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਬਦਲਾਅ ਤੇ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਪ੍ਰਭਾਵਿਤ ਆਮ ਜਨਤਾ ਤੋਂ ਇਤਰਾਜ਼/ਸੁਝਾਅ ਮੰਗਣੇ ਉਚਿਤ ਹੋਣਗੇ, ਇਸ ਲਈ ਪੰਜਾਬ ਮਿਉਂਸਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 03(6) ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਪੰਜਾਬ ਸਰਕਾਰ, ਸਥਾਨਕ ਸਰਕਾਰ ਵਿਭਾਗ ਵੱਲੋਂ ਅਧਿਸੂਚਨਾ ਨੰਬਰ 06/11/2021-2ਸਸ1/1603-1605 ਮਿਤੀ 13/12/2021 ਦੀ ਅਧੀਲੰਘਣਾ ਵਿੱਚ ਮੌਜੂਦਾ ਅਧਿਸੂਚਨਾ ਰਾਹੀਂ ਅਜਿਹਾ ਕਰਨ ਤੋਂ ਪਹਿਲਾਂ ਆਮ ਜਨਤਾ ਤੋਂ ਇਸ ਸੰਬੰਧੀ ਇਤਰਾਜ਼/ਸੁਝਾਅ ਮੰਗੇ ਜਾਂਦੇ ਹਨ, ਜਿਹੜੇ ਇਸ ਅਧਿਸੂਚਨਾ ਦੇ ਜਾਰੀ ਹੋਣ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ-ਅੰਦਰ ਕਮਿਸ਼ਨਰ ਨਗਰ ਨਿਗਮ ਐਸ.ਏ.ਐਸ. ਨਗਰ ਕੋਲ ਪਹੁੰਚਦੇ ਕੀਤੇ ਜਾਣ। ਇਨ੍ਹਾਂ ਇਤਰਾਜ਼ਾਂ ਨੂੰ ਵਿਚਾਰਨ ਉਪਰੰਤ ਹੱਦਾਂ ਵਿੱਚ ਵਾਧੇ ਸੰਬੰਧੀ ਅੰਤਿਮ ਫੈਸਲਾ ਕੀਤਾ ਜਾਵੇਗਾ।
ਇਸ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਕੱਤਰ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਪੰਜਾਬ, ਚੰਡੀਗੜ੍ਹ, ਡਾਇਰੈਕਟਰ ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ, ਡਾਇਰੈਕਟਰ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਪੰਜਾਬ, ਡਿਪਟੀ ਕਮਿਸ਼ਨਰ, ਐਸ.ਏ.ਐਸ. ਨਗਰ ਮੁਹਾਲੀ, ਪ੍ਰੀਖਿਅਕ, ਲੋਕਲ ਫੰਡ ਅਕਾਉਂਟ, ਪੰਜਾਬ, ਚੰਡੀਗੜ੍ਹ, ਉਪ ਮੰਡਲ ਮੈਜਿਸਟ੍ਰੇਟ, ਐਸ.ਏ.ਐਸ. ਨਗਰ ਮੁਹਾਲੀ ਨੂੰ ਵੀ ਭੇਜੀਆਂ ਗਈਆਂ ਹਨ। ਇਸਦੇ ਨਾਲ ਹੀ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਐਸ. ਏ.ਐਸ. ਨਗਰ ਨੂੰ ਲਿਖਿਆ ਗਿਆ ਹੈ ਕਿ ਸਬੰਧਤ ਗ੍ਰਾਮ ਪੰਚਾਇਤਾਂ ਨੂੰ ਸੂਚਿਤ ਕਰਨਾ ਯਕੀਨੀ ਬਣਾਇਆ ਜਾਵੇ।
ਇਸ ਸੰਬੰਧੀ ਨਗਰ ਨਿਗਮ, ਐਸ. ਏ.ਐਸ. ਨਗਰ ਦੇ ਕਮਿਸ਼ਨਰ ਨੂੰ ਨੋਟੀਫਿਕੇਸ਼ਨ ਦੀ ਕਾਪੀ ਭੇਜ ਕੇ ਹਦਾਇਤ ਕੀਤੀ ਗਈ ਹੈ ਕਿ ਇਸ ਅਧਿਸੂਚਨਾ ਸੰਬੰਧੀ ਖੁੱਲੀ ਪਬਲੀਸਿਟੀ ਕਰਵਾਈ ਜਾਵੇ ਅਤੇ ਇਸ ਦੀਆਂ ਕਾਪੀਆਂ ਜ਼ਿਲ੍ਹਾ ਕੋਰਟ, ਤਹਿਸੀਲ ਕੋਰਟ ਅਤੇ ਨਗਰ ਨਿਗਮ ਦੇ ਨੋਟਿਸ ਬੋਰਡ ਤੇ ਲਗਵਾਈਆਂ ਜਾਣ। 
ਇਸਦੇ ਨਾਲ ਹੀ ਢੋਲ/ਸਪੀਕਰ ਰਾਹੀਂ ਮੁਨਾਦੀ ਕਰਵਾਕੇ ਇਸਦਾ ਲੋਕ ਪ੍ਰਚਾਰ ਕੀਤਾ ਜਾਵੇ ਅਤੇ ਇਹ ਅਧਿਸੂਚਨਾ ਪ੍ਰਚਲਿਤ ਦੇ ਅਖ਼ਬਾਰਾਂ (ਅੰਗਰੇਜ਼ੀ ਅਤੇ ਪੰਜਾਬੀ) ਵਿੱਚ ਛਪਵਾਈ ਜਾਵੇ, (ਅਖ਼ਬਾਰ ਦੀਆਂ ਕਾਪੀਆਂ ਇਸ ਦਫ਼ਤਰ ਨੂੰ ਭੇਜੀਆਂ ਜਾਣ)। ਕਮਿਸ਼ਨਰ ਨੂੰ ਮਿਥੇ ਸਮੇਂ ਦੇ ਅੰਦਰ ਪ੍ਰਾਪਤ ਇਤਰਾਜ਼ਾਂ ਤੇ ਟਿੱਪਣੀ ਦਿੰਦੇ ਹੋਏ ਇਸ ਦਫ਼ਤਰ ਨੂੰ ਦਸਤੀ ਭੇਜਣ ਲਈ ਵੀ ਲਿਖਿਆ ਗਿਆ ਹੈ।