ਜਲੰਧਰ:- ਗੁਰਦੁਆਰਾ ਤਪ ਅਸਥਾਨ ਖੁਰਦਪੁਰ ਦੇ ਪ੍ਰਧਾਨ ਸ.ਸੁਖਦੇਵ ਸਿੰਘ , ਸਕੱਤਰ ਮਾਸਟਰ ਪਰਮਜੀਤ ਸਿੰਘ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਇਤਿਹਾਸ ਕਮੇਟੀ ਦੇ ਕਨਵੀਨਰ ਚਰੰਜੀ ਲਾਲ ਕੰਗਣੀਵਾਲ ਨੇ ਦੱਸਿਆ ਕਿ ਸ਼ਹੀਦ ਭਾਈ ਬਲਵੰਤ ਸਿੰਘ ਅਤੇ ਸ਼ਹੀਦ ਰੰਗਾ ਸਿੰਘ ਖੁਰਦਪੁਰ ਦੀ ਯਾਦ 'ਚ ਹਰ ਸਾਲ ਹੋਣ ਵਾਲਾ ਯਾਦਗਾਰੀ  ਸਮਾਗਮ ਇਸ ਵਾਰ ਬਬਰ ਅਕਾਲੀ ਲਹਿਰ ਦੀ ਸ਼ਹਾਦਤ ਸ਼ਤਾਬਦੀ ਨੂੰ ਸਮਰਪਤ ਕੀਤਾ ਜਾ ਰਿਹਾ ਹੈ। 
ਇਸ ਸਮਾਗਮ ਵਿੱਚ ਇਲਾਕੇ ਦੇ ਸਮੂਹ ਗ਼ਦਰੀ ਅਤੇ ਬੱਬਰ ਅਕਾਲੀ ਲਹਿਰ ਦੇ ਪਿੰਡਾਂ ਨੂੰ ਸ਼ਾਮਲ ਹੋਣ ਦੀ ਜ਼ੋਰਦਾਰ ਅਪੀਲ  ਕੀਤੀ ਗਈ ਹੈ ਅਤੇ ਇਲਾਕੇ ਦੇ ਪਿੰਡਾਂ ਵਿਚ ਜਾ ਕੇ ਸੱਦਾ ਪੱਤਰ ਵੀ ਦਿੱਤੇ ਜਾ ਰਹੇ ਹਨ। ਖੁਰਦਪੁਰ ਨਗਰ ਦੀ ਸਮਾਗਮ ਪ੍ਰਬੰਧਕੀ ਕਮੇਟੀ ਅਤੇ ਸਹਿਯੋਗੀ ਦੇਸ ਭਗਤ ਯਾਦਗਾਰ ਕਮੇਟੀ ਵੱਲੋਂ ਸਬੰਧਤ ਨਗਰਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਜਾਣਗੇ। ਇਹ ਸਮਾਗਮ 16 ਮਾਰਚ  2026 ਨੂੰ ਸਵੇਰੇ 11 ਵਜੇ ਗੁਰਦੁਆਰਾ ਤਪ ਅਸਥਾਨ ਖੁਰਦਪੁਰ ਵਿਖੇ ਹੋਏਗਾ।
 ਇਸ ਸਮਾਗਮ ਤੋਂ ਹੋਰਨਾਂ ਇਲਾਕਿਆਂ ਵਿਚ ਵੀ ਅਜਿਹੇ ਸਮਾਗਮ ਕਰਨ ਅਤੇ ਸਾਲਾਨਾ ਮੁਹਿੰਮ ਦੀ ਸਿਖ਼ਰ ਤੇ ਪਹਿਲੀ ਨਵੰਬਰ ਮੇਲਾ ਗ਼ਦਰੀ ਬਾਬਿਆਂ ਦਾ ਮੌਕੇ ਦੇਸ਼ ਭਗਤ ਯਾਦਗਾਰ ਹਾਲ ਪੁੱਜਣ ਅਤੇ ਮੇਲੇ ਨੂੰ ਹਰ ਪੱਖੋਂ ਸਫ਼ਲ ਕਰਨ ਲਈ ਜ਼ੋਰਦਾਰ ਅਪੀਲ ਕੀਤੀ ਜਾਏਗੀ।