ਗੌਤਮ ਬੁੱਧ ਨਗਰ:- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਨੋਟ ਕੀਤਾ ਕਿ ਪੈਟਰੋਲ ਵਿੱਚ ਐਥਨੌਲ ਦੀ ਮਿਲਾਵਟ (ਬਲੇਂਡਿੰਗ) ਨੇ ਭਾਰਤ ਨੂੰ ਕੱਚੇ ਤੇਲ ਦੀ ਦਰਾਮਦ ’ਤੇ ਆਪਣੀ ਨਿਰਭਰਤਾ ਘਟਾਉਣ ਵਿੱਚ ਮਦਦ ਕੀਤੀ ਹੈ।
ਜੇਵਰ ਵਿੱਚ ਨੋਇਡਾ ਇੰਟਰਨੈਸ਼ਨਲ ਏਅਰਪੋਰਟ ਦੇ ਪਹਿਲੇ ਪੜਾਅ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਪੀਐੱਮ ਮੋਦੀ ਨੇ ਪੈਟਰੋਲ ਵਿੱਚ 20 ਫੀਸਦੀ ਇਥਾਨੌਲ ਬਲੈਂਡਿੰਗ ਵਿੱਚ ਸਹਾਇਤਾ ਕਰਨ ਲਈ ਗੰਨਾ ਕਿਸਾਨਾਂ ਦਾ ਧੰਨਵਾਦ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ, "ਆਧੁਨਿਕ ਕਨੈਕਟੀਵਿਟੀ ਦੇ ਵਿਸਥਾਰ ਨਾਲ ਪੱਛਮੀ ਯੂਪੀ ਵਿੱਚ ਫੂਡ ਪ੍ਰੋਸੈਸਿੰਗ ਸੈਕਟਰ ਦੀ ਸਮਰੱਥਾ ਨੂੰ ਹੁਲਾਰਾ ਮਿਲੇਗਾ, ਜਿਸ ਨਾਲ ਵਿਸ਼ਵ ਬਾਜ਼ਾਰਾਂ ਤੱਕ ਪਹੁੰਚ ਦੀ ਸਹੂਲਤ ਮਿਲੇਗੀ। ਮੈਂ ਕਿਸਾਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਕਿਉਂਕਿ ਤੁਹਾਡੀ ਉਪਜ ਤੋਂ ਪੈਦਾ ਹੋਏ ਇਥਾਨੌਲ ਨੇ ਕੱਚੇ ਤੇਲ 'ਤੇ ਦੇਸ਼ ਦੀ ਨਿਰਭਰਤਾ ਨੂੰ ਘਟਾਉਣ ਵਿੱਚ ਮਦਦ ਕੀਤੀ ਹੈ। ਜੇ ਪੈਟਰੋਲ ਦੇ ਨਾਲ ਇਹ ਮਿਲਾਵਟ ਨਾ ਹੁੰਦੀ, ਤਾਂ ਸਾਨੂੰ ਵਿਦੇਸ਼ਾਂ ਤੋਂ 4.5 ਕਰੋੜ ਬੈਰਲ - ਯਾਨੀ 700 ਕਰੋੜ ਲੀਟਰ - ਦਰਾਮਦ ਕਰਨਾ ਪੈਣਾ ਸੀ। ਦੇਸ਼ ਨੂੰ ਆਪਣੇ ਕਿਸਾਨਾਂ ਦੀ ਮਿਹਨਤ ਦਾ ਫਾਇਦਾ ਹੋਇਆ ਹੈ, ਜਦਕਿ ਕਿਸਾਨਾਂ ਨੂੰ ਖੁਦ ਵੀ ਇਨਾਮ ਮਿਲਿਆ ਹੈ। ਇਹ ਪੈਸਾ, ਜੋ ਬਚਾਇਆ ਗਿਆ ਹੈ, ਨਹੀਂ ਤਾਂ ਦੇਸ਼ ਤੋਂ ਬਾਹਰ ਜਾ ਸਕਦਾ ਸੀ।"
ਇਹ ਬਿਆਨ ਪੱਛਮੀ ਏਸ਼ੀਆ ਦੇ ਸੰਘਰਸ਼ ਕਾਰਨ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਦੇ ਵਿਚਕਾਰ ਆਇਆ ਹੈ, ਜਦਕਿ ਭਾਰਤ ਨੇ ਪੈਟਰੋਲ ਵਿੱਚ 20 ਫੀਸਦੀ ਐਥਨੌਲ ਮਿਲਾਉਣ ਦਾ ਆਪਣਾ ਟੀਚਾ ਪੰਜ ਸਾਲ ਪਹਿਲਾਂ ਹੀ ਪੂਰਾ ਕਰ ਲਿਆ ਹੈ।
ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਕਾਰ ਸੰਘਰਸ਼ ਕਾਰਨ ਹੋਈ ਮਹਿੰਗਾਈ ਨੂੰ ਸਵੀਕਾਰ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਉਣ ਲਈ ਕਦਮ ਚੁੱਕ ਰਹੀ ਹੈ ਕਿ ਇਸ ਸੰਕਟ ਦਾ ਬੋਝ ਜਨਤਾ ’ਤੇ ਨਾ ਪਵੇ।