ਮਾਹਿਲਪੁਰ, 6 ਨਵੰਬਰ- ਖੇਤਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਹਿੰਦੀ ਵਿਭਾਗ ਵੱਲੋਂ ਪਰਵਾਸੀ ਹਿੰਦੀ ਸਾਹਿਤ ਵਿਸ਼ੇ ‘ਤੇ ਇਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਹਿੰਦੀ ਭਾਸ਼ਾ ਦੇ ਪਰਵਾਸੀ ਲੇਖਕ ਤੇਜਿੰਦਰ ਸ਼ਰਮਾ ਐੱਮਬੀਈ (ਲੰਦਨ) ਨੇ ਮੁਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਕਾਲਜ ਦੇ ਪਿ੍ਰੰਸੀਪਲ ਡਾ ਪਰਵਿੰਦਰ ਸਿੰਘ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ।
ਉਨ੍ਹਾਂ ਵਿਦਿਆਰਥੀਆਂ ਨੂੰ ਸਾਹਿਤ, ਕਲਾ ਤੇ ਸੰਸਕ੍ਰਿਤੀ ਦੇ ਖੇਤਰ ਵਿੱਚ ਵੱਧ ਤੋਂ ਵੱਧ ਸਿੱਖਣ ਦੀ ਪ੍ਰੇਰਨਾ ਦਿੱਤੀ। ਮੁੱਖ ਬੁਲਾਰੇ ਤੇਜਿੰਦਰ ਸ਼ਰਮਾ ਨੇ ਵਿਦੇਸ਼ਾਂ ਵਿੱਚ ਹਿੰਦੀ ਭਾਸ਼ਾ ਤੇ ਸਾਹਿਤ ਦੇ ਵੱਧ ਰਹੇ ਪ੍ਰਚਾਰ ਪ੍ਰਸਾਰ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਪਰਵਾਸੀ ਹਿੰਦੀ ਸਾਹਿਤਕਾਰ ਆਪਣੀਆਂ ਲਿਖਤਾਂ ਵਿੱਚ ਆਪਣੀ ਜਨਮ ਭੂਮੀ ਲਈ ਮੋਹ ਦੀ ਭਾਵਨਾ ਰੱਖਦਾ ਹੈ ਪਰ ਹੁਣ ਹਿੰਦੀ ਸਾਹਿਤ ਗਲੋਬਲੀ ਮਸਲਿਆਂ ਦੀ ਵੀ ਪੇਸ਼ਕਾਰੀ ਕਰ ਰਿਹਾ ਹੈ।
ਉਨ੍ਹਾਂ ਹਿੰਦੀ ਸਿਨੇਮਾ ਦੁਆਰਾ ਹਿੰਦੀ ਭਾਸ਼ਾ ਦੇ ਪ੍ਰਚਾਰ ਵਿੱਚ ਕੀਤੇ ਕੰਮ ਸਬੰਧੀ ਵੀ ਵਿਚਾਰ ਪੇਸ਼ ਕੀਤੇ ਅਤੇ ਹਿੰਦੀ ਕਲਾ ਸਿਨੇਮਾ ਅਤੇ ਕਾਰੋਬਾਰੀ ਸਿਨੇਮਾ ਦੇ ਇਤਿਹਾਸ ਬਾਰੇ ਦੱਸਿਆ। ਹਿੰਦੀ ਵਿਭਾਗ ਦੇ ਮੁਖੀ ਲੈਫਨੀਨੈਂਟ ਡਾ ਦੀਪਕ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ ਅਤੇ ਵਿਭਾਗੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਪ੍ਰਬੰਧਕਾਂ ਵੱਲੋਂ ਸ੍ਰੀ ਤੇਜਿੰਦਰ ਸ਼ਰਮਾ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਡਾ ਪਰਮਿੰਦਰ ਕੌਰ, ਪ੍ਰੋ ਨੈਨਸੀ, ਡਾ ਵਿਕਰਾਂਤ ਰਾਣਾ, ਡਾ ਆਰਤੀ ਸ਼ਰਮਾ, ਡਾ ਜੇ ਬੀ ਸੇਖੋਂ, ਪ੍ਰੋ ਰੋਹਿਤ ਪੁਰੀ ਸਮੇਤ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।
ਹਿੰਦੀ ਵਿਭਾਗ ਵੱਲੋਂ ਪਰਵਾਸੀ ਹਿੰਦੀ ਸਾਹਿਤ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ
