ਨਵਾਂਸ਼ਹਿਰ:- ਨਗਰ ਕੌਂਸਲ ਨਵਾਂਸ਼ਹਿਰ ਦੇ ਸਹਿਯੋਗ ਨਾਲ ਪਿਛਲੇ ਸਾਲ ਅਰੰਭ ਗਕੀਤੇ ਗਏ ਮਿਊਂਸਪਲ ਨੇਚਰ ਗਾਰਡਨ ਦੀ ਦੂਸਰੀ ਵਰ੍ਹੇਗੰਢ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਅਤੇ ਪਾਰਕ ਮੈਨੇਜਮੈਂਟ ਕਮੇਟੀ ਵਲੋਂ ਇਸ ਵਿਚ ਤੀਸਰੀ ਵਾਰ ਬੂਟੇ ਲਗਾਉਣ ਦੀ ਸੇਵਾ ਨੂੰ ਨਿਰੰਤਰ ਅੱਗੇ ਵਧਾਉਂਦੇ ਹੋਏ ਨਵੀਂ ਕਿਸਮ ਦੇ ਕਰੀਬ 50 ਹੋਰ ਨਵੇਂ ਬੂਟੇ  ਲਗਾਉਣ ਦੀ ਸੇਵਾ ਕੀਤੀ ਗਈ। 
ਅੱਜ ਲਗਾਏ ਗਏ ਵਿਰਾਸਤੀ  ਬੂਟਿਆਂ ਵਿਚ  ਬੋਹੜ, ਪਿੱਪਲ, ਨਿੰਮ, ਅਰਜਨ, ਫਲਾਹੀ, ਪਿਲਕਣ, ਕਿੱਕਰ, ਜੰਡ,  ਅਨਾਰ, ਅੰਬ, ਜਾਮਣ, ਅਮਰੂਦ, ਕਚਨਾਰ, ਸੁਖਚੈਨ, ਇਮਲੀ, ਢੇਊ, ਅਮਲਤਾਸ, ਤੂਤ, ਬੇਰੀ, ਆਉਲਾ, ਸੁਹਾਂਜਣਾ, ਮਹਿੰਦੀ, ਖੰਜੂਰ, ਆਦਿਕ 15 ਕਿਸਮਾਂ ਦੇ ਅਲੱਗ ਅਲੱਗ ਪ੍ਰਕਿਰਤਿਕ ਬੂਟੇ ਸ਼ਾਮਲ ਹਨ।  
ਇਹ ਜਾਣਕਾਰੀ ਸਾਂਝੀ ਕਰਦੇ ਹੋਏ ਮੁੱਖ ਸੇਵਾਦਾਰ ਸੁਰਜੀਤ ਸਿੰਘ ਅਤੇ ਉਪ ਮੁੱਖ ਸੇਵਾਦਾਰ ਦੀਦਾਰ ਸਿੰਘ ਨੇ ਦੱਸਿਆ ਕਿ ਮਿੰਨੀ ਜੰਗਲ ਵਿਚ ਦੋ ਸਾਲ ਪਹਿਲਾਂ  ਲਗਾਏ ਗਏ ਕਰੀਬ ਚਾਰ ਸੌ ਤੋਂ ਵੱਧ ਬੂਟੇ ਹੁਣ ਕਾਫੀ ਵੱਡੇ ਰੋ ਚੁੱਕੇ ਹਨ ਅਤੇ ਹੁਣ ਮਹੌਲ ਸੰਘਣੇ ਜੰਗਲ ਞਰਗਾ ਬਣਦਾ ਨਜਰ ਆ ਰਿਹਾ ਹੈ।  ਵਾਹਿਗੁਰੂ ਦੀ ਕਿਰਪਾ ਸਦਕਾ ਪਿੱਛਲੇ ਦੋ ਸਾਲ ਦੀ ਮੁਸ਼ੱਕਤ ਇਨਾ ਰੰਗ ਲਿਆ ਰਹੀ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਇਹ ਗਾਰਡਨ ਨਵਾਂਸ਼ਹਿਰ ਦੇ ਇਕ ਅਜੂਬੇ ਦੀ ਦਿੱਖ ਪ੍ਰਦਾਨ ਕਰੇਗਾ।
 ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਇਸ ਜੰਗਲ ਦੇ ਸੁੰਦਰੀਕਰਨ ਦਾ ਕੰਮ ਜਲਦੀ ਹੀ ਅਰੰਭ ਕੀਤਾ ਜਾ ਰਿਹਾ ਹੈ। ਇਸ ਮੌਕੇ ਜਿੱਥੇ ਮਿਊਂਸਪਲ ਕੌਂਸਲ ਨਵਾਂਸ਼ਹਿਰ ਦੇ ਸਮੂਹ ਮੈਂਬਰਾਂ ਵਲੋਂ ਇਸ ਜੰਗਲ ਦੇ ਪ੍ਰਸਾਰ ਲਈ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ  ਉਥੇ ਨਵਾਂਸ਼ਹਿਰ ਦੀਆਂ ਸਮਾਜ ਸੇਵੀ ਜਥੇਬੰਦੀਆਂ ਵਲੋਂ ਇਸ ਸੇਵਾ ਪ੍ਰਤੀ ਪਾਏ ਜਾ ਯੋਗਦਾਨ ਲਈ ਵਿਸ਼ੇਸ਼ ਤੌਰ ਤੇ ਸ਼ੁਕਰਾਨਾ ਕੀਤਾ ਗਿਆ।
ਅੱਜ ਬੂਟੇ ਲਗਾਉਣ ਦੀ ਸੇਵਾ ਦੌਰਾਨ ਪਰਮਿੰਦਰ ਸਿੰਘ ਕੰਵਲ, ਜਗਦੀਪ ਸਿੰਘ, ਬਖਸ਼ੀਸ਼ ਸਿੰਘ, ਗਿਆਨ ਸਿੰਘ, ਇੰਦਰਜੀਤ ਸ਼ਰਮਾ, ਰਾਮ ਪਾਲ ਰਾਏ,  ਪਰਮਜੀਤ ਸਿੰਘ ਮੂਸਾਪੁਰ, ਡਾ: ਭਗਵਾਨ ਸਿੰਘ, ਕੁਲਜੀਤ ਸਿੰਘ ਖਾਲਸਾ, ਕੁਲਵਿੰਦਰ ਸਿੰਘ, ਗੁਰਚਰਨ ਸਿੰਘ ਪਾਬਲਾ, ਦਲਜੀਤ ਸਿੰਘ ਬਡਵਾਲ ਮਨਮੋਹਨ ਸਿੰਘ ਕੰਞਲ, ਸੋਹਣ ਸਿੰਘ, ਅਤੇ ਹੋਰ ਮੈਂਬਰ ਵੀ ਮੌਜੂਦ ਸਨ।