ਚੰਡੀਗੜ੍ਹ/ਮੋਹਾਲੀ, 1 ਸਤੰਬਰ:- ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਸੈਕਰਾਮੈਂਟੋ ਵਿਖੇ ਸਥਿਤ ਸੈਕਰਾਮੈਂਟੋ ਗੁਰੂ ਘਰ ਵਿੱਚ ਸੀਨੀਅਰ ਸਿਟੀਜ਼ਨ ਗਰੁੱਪ ਦੇ ਮੈਂਬਰਾਂ ਨੂੰ ਦਿਲ ਦੀਆਂ ਬਿਮਾਰੀਆਂ ਸਬੰਧੀ ਜਾਣਕਾਰੀ ਦੇਣ ਲਈ ਡਾ. ਸਵੈਮਾਨ ਸਿੰਘ ਆਪਣੀ ਟੀਮ ਸਮੇਤ ਪਹੁੰਚੇ। ਡਾ. ਸਵੈਮਾਨ ਸਿੰਘ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਡੇਵਿਸ (UC Davis Health) ਵਿਖੇ ਮਸ਼ਹੂਰ ਹਾਰਟ ਟ੍ਰਾਂਸਪਲਾਂਟ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਵਜੋਂ ਸੇਵਾ ਨਿਭਾ ਰਹੇ ਹਨ।
ਉਹ ਆਪਣੇ ਕਿੱਤੇ ਦੇ ਨਾਲ-ਨਾਲ ਇੱਕ ਬਹੁਤ ਵੱਡੇ ਸਮਾਜ ਸੇਵੀ ਵੀ ਹਨ। ਸਾਲ 2020-21 ਦੌਰਾਨ ਭਾਰਤ ਵਿੱਚ ਕਿਸਾਨਾਂ ਵੱਲੋਂ ਚਲਾਏ ਜਾ ਰਹੇ ਅੰਦੋਲਨ ਵਿੱਚ ਡਾ. ਸਵੈਮਾਨ ਸਿੰਘ ਨੇ ਅਮਰੀਕਾ ਤੋਂ ਭਾਰਤ ਪਹੁੰਚ ਕੇ ਆਪਣੀ ਟੀਮ ਨਾਲ ਕੈਂਪ ਲਗਾ ਕੇ ਕਿਸਾਨਾਂ ਦੀ ਸੇਵਾ ਕੀਤੀ। ਅੱਜਕੱਲ੍ਹ ਵੀ ਜੰਮੂ ਅਤੇ ਕਸ਼ਮੀਰ ਵਿੱਚ ਸਫਾਈ ਸੇਵਾ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਨੇਪਾਲ ਵਿੱਚ ਹੜ੍ਹ ਪੀੜਤਾਂ ਦੀ ਮਦਦ ਸਬੰਧੀ ਉੱਥੋਂ ਦੀ ਸਰਕਾਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ।
ਡਾ. ਸਵੈਮਾਨ ਸਿੰਘ ਪੂਰਨ ਗੁਰਸਿੱਖ ਹਨ ਅਤੇ ਸਿੱਖੀ ਸਿਧਾਂਤ ਅਨੁਸਾਰ ਮਨੁੱਖਤਾ ਦੀ ਸੇਵਾ ਕਰ ਰਹੇ ਹਨ। ਡਾ. ਸਵੈਮਾਨ ਸਿੰਘ ਵੱਲੋਂ ‘ਪੰਜ ਦਰਿਆ’ (Five Rivers) ਨਾਂ ਦੀ ਇੱਕ ਸੰਸਥਾ ਅਮਰੀਕਾ ਅਤੇ ਵਿਦੇਸ਼ਾਂ ਵਿੱਚ ਪਛੜੇ ਇਲਾਕਿਆਂ ਵਿੱਚ ਦਿਲ ਦੇ ਰੋਗਾਂ ਅਤੇ ਹੋਰ ਬਿਮਾਰੀਆਂ ਦੇ ਇਲਾਜ ਸਬੰਧੀ ਮੁਫ਼ਤ ਸੇਵਾ ਪ੍ਰਦਾਨ ਕਰਨ ਲਈ ਬਣਾਈ ਗਈ ਹੈ।
ਅਮਰੀਕਨ ਸੀਨੀਅਰ ਸਿਟੀਜ਼ਨ ਗਰੁੱਪ ਵਿੱਚ ਡਾ. ਸਵੈਮਾਨ ਸਿੰਘ ਆਪਣੀ ਟੀਮ, ਜਿਸ ਵਿੱਚ ਡਾ. ਅਤੁਲ ਮਿਡਾਨਾ ਅਤੇ ਯੂ.ਸੀ. ਡੇਵਿਸ ਯੂਨੀਵਰਸਿਟੀ ਵਿਖੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਸ਼ਾਮਲ ਸਨ, ਨਾਲ ਪਹੁੰਚੇ। ਡਾ. ਅਤੁਲ ਸਡਾਨਾ ਭਾਰਤ ਵਿੱਚ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਬਤੌਰ ਡਾਕਟਰ ਸੇਵਾ ਨਿਭਾ ਰਹੇ ਹਨ ਅਤੇ ਅਮਰੀਕਾ ਵਿੱਚ ਟੂਰਿਸਟ ਵੀਜ਼ੇ ’ਤੇ ਆਏ ਹੋਏ ਹਨ।
ਡਾ. ਸਵੈਮਾਨ ਸਿੰਘ ਅਤੇ ਟੀਮ ਮੈਂਬਰਾਂ ਵੱਲੋਂ ਸੀਨੀਅਰ ਸਿਟੀਜ਼ਨ ਗਰੁੱਪ ਦੇ ਮੈਂਬਰਾਂ ਨੂੰ ਦਿਲ ਅਤੇ ਹੋਰ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਗਿਆ। ਡਾ. ਸਵੈਮਾਨ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਅਤੇ ਅਮਰੀਕਾ ਵਿੱਚ ਦਿਲ ਦੀਆਂ ਬਿਮਾਰੀਆਂ ਸਬੰਧੀ ਮੁਫ਼ਤ ਸੇਵਾ ਦੇਣ ਲਈ ਹਸਪਤਾਲ ਖੋਲ੍ਹਣਾ ਚਾਹੁੰਦੇ ਹਨ।
ਇਹ ਸਾਰਾ ਪ੍ਰਬੰਧ ਅਮਰੀਕਨ ਸੀਨੀਅਰ ਸਿਟੀਜ਼ਨ ਗਰੁੱਪ ਦੇ ਅਹੁਦੇਦਾਰਾਂ, ਜਿਨ੍ਹਾਂ ਵਿੱਚ ਸੁਖਚੈਨ ਸਿੰਘ ਚੇਅਰਮੈਨ, ਜਗਰੂਪ ਸਿੰਘ ਮਾਂਗਟ ਪ੍ਰਧਾਨ, ਹਰਜੀਤ ਸਿੰਘ ਔਜਲਾ ਮੀਤ ਪ੍ਰਧਾਨ ਅਤੇ ਅਜਾਇਬ ਸਿੰਘ ਜਨਰਲ ਸਕੱਤਰ ਸ਼ਾਮਲ ਹਨ, ਨੇ ਆਪਣੇ ਗਰੁੱਪ ਦੇ ਮੈਂਬਰਾਂ ਦੇ ਸਹਿਯੋਗ ਨਾਲ ਕੀਤਾ।