ਚੰਡੀਗੜ੍ਹ, 15 ਸਤੰਬਰ:- ਹਰਿਆਣਾ ਅਨੁਸੂਚਿਤ ਜਾਤੀ ਵਿੱਤ ਅਤੇ ਵਿਕਾਸ ਨਿਗਮ ਨੇ ਮੌਜੂਦਾ ਵਿੱਤ ਸਾਲ ਦੌਰਾਨ ਅਗਸਤ, 2026 ਤੱਕ ਵੱਖ-ਵੱਖ ਯੋਜਨਾਵਾਂ ਤਹਿਤ 59 ਲਾਭਪਾਤਰੀਆਂ ਨੂੰ 176.50 ਲੱਖ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਹੈ, ਜਿਸ ਵਿੱਚ 138.75 ਲੱਖ ਰੁਪਏ ਦੀ ਸਬਸਿਡੀ ਵੀ ਸ਼ਾਮਲ ਹੈ।
ਨਿਗਮ ਦੇ ਬੁਲਾਰੇ ਨੇ ਇਸ ਸੰਬੰਧ ਵਿੱਚ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਗਮ ਵੱਲੋਂ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਲੋਕਾਂ ਨੂੰ ਵੱਖ-ਵੱਖ ਸ਼੍ਰੇਣੀਆਂ ਤਹਿਤ ਕਰਜ਼ਾ ਮੁਹੱਈਆ ਕਰਵਾਇਆ ਜਾਂਦਾ ਹੈ ਤਾਂ ਜੋ ਉਹ ਆਪਣਾ ਕਾਰੋਬਾਰ ਅਤੇ ਸਵੈ-ਰੋਜ਼ਗਾਰ ਸਥਾਪਿਤ ਕਰ ਸਕਣ। ਇਨ੍ਹਾਂ ਸ਼੍ਰੇਣੀਆਂ ਵਿੱਚ ਖੇਤੀਬਾੜੀ ਅਤੇ ਸਹਾਇਕ ਖੇਤਰ, ਉਦਯੋਗਿਕ ਖੇਤਰ, ਵਪਾਰ ਅਤੇ ਕਾਰੋਬਾਰ ਖੇਤਰ ਅਤੇ ਸਵੈ-ਰੋਜ਼ਗਾਰ ਖੇਤਰ ਸ਼ਾਮਲ ਹਨ। ਰਾਸ਼ਟਰੀ ਅਨੁਸੂਚਿਤ ਜਾਤੀ ਵਿੱਤ ਅਤੇ ਵਿਕਾਸ ਨਿਗਮ ਦੀ ਸਹਾਇਤਾ ਨਾਲ ਲਾਗੂ ਯੋਜਨਾਵਾਂ ਤਹਿਤ ਵੀ ਉਨ੍ਹਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਵਪਾਰ ਅਤੇ ਕਾਰੋਬਾਰ ਖੇਤਰ ਤਹਿਤ 58 ਲਾਭਪਾਤਰੀਆਂ ਨੂੰ 53 ਲੱਖ ਰੁਪਏ ਦੀ ਰਕਮ ਮੁਹੱਈਆ ਕਰਵਾਈ ਗਈ, ਜਿਸ ਵਿੱਚੋਂ 26.60 ਲੱਖ ਰੁਪਏ ਬੈਂਕ ਕਰਜ਼ਾ, 20.25 ਲੱਖ ਰੁਪਏ ਸਬਸਿਡੀ ਅਤੇ 6.15 ਲੱਖ ਰੁਪਏ ਮਾਰਜਿਨ ਮਨੀ ਵਜੋਂ ਜਾਰੀ ਕੀਤੇ ਗਏ ਹਨ।
ਬੁਲਾਰੇ ਨੇ ਦੱਸਿਆ ਕਿ ਰਾਸ਼ਟਰੀ ਅਨੁਸੂਚਿਤ ਵਿੱਤ ਅਤੇ ਵਿਕਾਸ ਨਿਗਮ ਦੀ ਸਹਾਇਤਾ ਨਾਲ ਲਘੂ ਕਾਰੋਬਾਰ ਤਹਿਤ ਇਸ ਮਿਆਦ ਲਈ ਇੱਕ ਲਾਭਪਾਤਰੀ ਨੂੰ 11 ਲੱਖ ਰੁਪਏ ਜਾਰੀ ਕੀਤੇ ਗਏ। ਇਸ ਵਿੱਚ ਰਾਸ਼ਟਰੀ ਅਨੁਸੂਚਿਤ ਵਿੱਤ ਅਤੇ ਵਿਕਾਸ ਨਿਗਮ ਤੇ ਸਫ਼ਾਈ ਕਰਮਚਾਰੀ ਵਿੱਤ ਵਿਕਾਸ ਨਿਗਮ ਦਾ ਸਿੱਧਾ ਕਰਜ਼ਾ ਹਿੱਸਾ 3.96 ਲੱਖ ਰੁਪਏ ਹੈ। ਇਸ ਤੋਂ ਇਲਾਵਾ, 109.50 ਲੱਖ ਰੁਪਏ ਦੀ ਸਬਸਿਡੀ ਵੀ ਵੰਡੀ ਗਈ।