ਚੰਡੀਗੜ੍ਹ:- ਫ਼ਾਰਮੇਸੀ ਪ੍ਰੀਖਿਆ ਵਿੱਚ ਹੋਈ ਕਥਿਤ ਗੜਬੜੀ ਨੂੰ ਲੈ ਕੇ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਕੀਤੀ ਜਾ ਰਹੀ ਅਸਤੀਫ਼ੇ ਦੀ ਮੰਗ ਵਿਚਾਲੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਅਹੁਦਾ ਛੱਡਣ ਨਾਲ ਪੰਜਾਬ ਦੀ ਸਿੱਖਿਆ ਅਤੇ ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰ ਆਉਂਦਾ ਹੈ ਤਾਂ ਉਹ ਅੱਜ ਹੀ ਅਸਤੀਫ਼ਾ ਦੇਣ ਲਈ ਤਿਆਰ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਪ੍ਰੀਖਿਆ ’ਚ ਸਾਹਮਣੇ ਆਈਆਂ ਅਨਿਯਮਿਤਤਾਵਾਂ ਨੂੰ ਸਰਕਾਰ ਨੇ ਖੁਦ ਉਜਾਗਰ ਕੀਤਾ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ।
ਬੈਂਸ ਨੇ ਕਿਹਾ ਕਿ ਸਰਕਾਰ ਪੇਪਰ ਲੀਕ, ਨਕਲ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਜ਼ੀਰੋ ਟਾਲਰੈਂਸ ਦੀ ਨੀਤੀ 'ਤੇ ਕੰਮ ਕਰ ਰਹੀ ਹੈ। ਫ਼ਾਰਮੇਸੀ ਪ੍ਰੀਖਿਆ ਵਿੱਚ ਜੋ ਵੀ ਅਨਿਯਮਿਤਤਾਵਾਂ ਸਾਹਮਣੇ ਆਈਆਂ, ਉਨ੍ਹਾਂ ਨੂੰ ਦਬਾਇਆ ਨਹੀਂ ਗਿਆ ਸਗੋਂ ਪ੍ਰਸ਼ਾਸਨ ਨੇ ਖੁਦ ਉਨ੍ਹਾਂ ਦਾ ਪਤਾ ਲਗਾ ਕੇ ਕਾਰਵਾਈ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਦਾ ਮਕਸਦ ਪ੍ਰਣਾਲੀ ਨੂੰ ਸਾਫ਼-ਸੁਥਰਾ ਬਣਾਉਣਾ ਹੈ, ਇਸ ਲਈ ਕਮੀਆਂ ਨੂੰ ਛੁਪਾਉਣ ਦੀ ਬਜਾਏ ਸਾਹਮਣੇ ਲਿਆਂਦਾ ਗਿਆ।
ਬੈਂਸ ਨੇ ਵਿਰੋਧੀ ਧਿਰ 'ਤੇ ਸਿਆਸੀ ਲਾਹਾ ਲੈਂਦੇ ਹੋਏ ਮੁੱਦੇ ਨੂੰ ਉਛਾਲਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਦੇ ਸਮੇਂ ਪੇਪਰ ਲੀਕ ਅਤੇ ਪ੍ਰੀਖਿਆ ਘੁਟਾਲਿਆਂ ਦੇ ਮਾਮਲਿਆਂ ’ਚ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਦਬਾ ਦਿੱਤਾ ਜਾਂਦਾ ਸੀ, ਜਦਕਿ ਮੌਜੂਦਾ ਸਰਕਾਰ ਦੋਸ਼ੀਆਂ ਤੱਕ ਪਹੁੰਚ ਕੇ ਕਾਰਵਾਈ ਕਰ ਰਹੀ ਹੈ।
ਦਰਅਸਲ, ਫ਼ਾਰਮੇਸੀ ਪ੍ਰੀਖਿਆ ’ਚ ਕਥਿਤ ਨਕਲ ਅਤੇ ਗੜਬੜੀ ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਸਰਕਾਰ 'ਤੇ ਹਮਲਾਵਰ ਹੈ। ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਭਾਜਪਾ ਦੇ ਕੇਵਲ ਸਿੰਘ ਢਿੱਲੋਂ ਅਤੇ ਸੁਨੀਲ ਜਾਖੜ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਕਾਰ ਨੂੰ ਘੇਰਦਿਆਂ ਸਬੰਧਤ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਵਿਰੋਧੀ ਧਿਰ ਨੇ ਹਾਲ ਹੀ ਵਿੱਚ ਮੁਲਾਜ਼ਮਾਂ 'ਤੇ ਹੋਏ ਲਾਠੀਚਾਰਜ ਦੇ ਮੁੱਦੇ ਨੂੰ ਵੀ ਸਰਕਾਰ ਦੀ ਕਾਰਜਪ੍ਰਣਾਲੀ ਨਾਲ ਜੋੜ ਕੇ ਨਿਸ਼ਾਨਾ ਬਣਾਇਆ ਹੈ।
ਬੈਂਸ ਨੇ ਕਿਹਾ ਕਿ ਸਰਕਾਰ ਦੀ ਪਹਿਲ ਸਿੱਖਿਆ ਅਤੇ ਪ੍ਰੀਖਿਆ ਪ੍ਰਣਾਲੀ ਨੂੰ ਪਾਰਦਰਸ਼ੀ ਅਤੇ ਭਰੋਸੇਮੰਦ ਬਣਾਉਣਾ ਹੈ। ਜੇਕਰ ਕਿਤੇ ਕੋਈ ਗੜਬੜੀ ਮਿਲਦੀ ਹੈ ਤਾਂ ਉਸ ਨੂੰ ਛੁਪਾਉਣ ਦੀ ਬਜਾਏ ਕਾਰਵਾਈ ਕਰਨਾ ਹੀ ਸਰਕਾਰ ਦੀ ਨੀਤੀ ਹੈ।