ਨਵਾਂਸ਼ਹਿਰ:- ਹਲਕਾ ਨਵਾਂਸ਼ਹਿਰ ਦੇ ਇੰਚਾਰਜ ਸ. ਜਸਪ੍ਰੀਤ ਸਿੰਘ ਰੋਬੀ ਕੰਗ ਵੱਲੋਂ ਅੱਜ ਨਵਾਂਸ਼ਹਿਰ ਦੇ ਸ਼ਹਿਰੀ ਖੇਤਰ ਵਿੱਚ ਵਿਸ਼ੇਸ਼ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਇਹ ਸਫਾਈ  ਅਭਿਆਨ ਅੱਜ 29 ਅਗਸਤ ਤੋਂ 8 ਸਤੰਬਰ ਤੱਕ ਚਲਾਇਆ ਜਾਵੇਗਾ। ਇਸ ਦੌਰਾਨ ਸ਼ਹਿਰ ਦੇ ਵੱਖ- ਵੱਖ ਵਾਰਡਾਂ, ਪਾਰਕਾਂ, ਬਜਾਰਾਂ, ਮੁੱਖ ਸੜਕਾਂ ਦੀ ਸਫਾਈ ਕੀਤੀ ਜਾਵੇਗੀ।
ਇਸ ਮੌਕੇ ਉਨ੍ਹਾਂ ਨੇ ਖੁਦ ਸਫਾਈ ਕਰਮਚਾਰੀਆਂ ਨਾਲ ਮਿਲ ਕੇ ਸ਼ਹਿਰ ਦੇ ਵੱਖ-ਵੱਖ ਵਾਰਡਾਂ, ਬਾਜ਼ਾਰਾਂ ਅਤੇ ਮੁੱਖ ਸੜਕਾਂ ਦਾ ਦੌਰਾ ਕੀਤਾ ਅਤੇ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ। ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਵੱਖ-ਵੱਖ ਸਾਧਨਾਂ ਦੀ ਮਦਦ ਨਾਲ ਕੂੜਾ-ਕਰਕਟ ਚੁੱਕਣ ਅਤੇ ਨਾਲੀਆਂ ਦੀ ਸਫਾਈ ਦਾ ਕੰਮ ਕੀਤਾ ਗਿਆ।
ਇਸ ਮੌਕੇ ਸ. ਰੋਬੀ ਕੰਗ ਨੇ ਕਿਹਾ ਕਿ ਸ਼ਹਿਰ ਨੂੰ ਸਾਫ-ਸੁਥਰਾ, ਹਰਾ-ਭਰਾ ਅਤੇ ਸੁੰਦਰ ਬਣਾਉਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹਿਰਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ।
ਉਨ੍ਹਾਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਫਾਈ ਦਾ ਇਹ ਅਭਿਆਨ ਲਗਾਤਾਰ ਜਾਰੀ ਰੱਖਿਆ ਜਾਵੇ ਅਤੇ ਰੋਜ਼ਾਨਾ ਦੇ ਅਧਾਰ 'ਤੇ ਕੂੜੇ ਦੀ ਚੁਕਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਸਾਫ ਰੱਖਣ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਦੇਣ ਅਤੇ ਕੂੜਾ ਨਿਰਧਾਰਤ ਥਾਵਾਂ 'ਤੇ ਹੀ ਸੁੱਟਣ।ਇਸ ਮੌਕੇ ਤੇ ਕਾਰਜਸਾਧਕ ਅਫਸਰ ਨਵਾਂਸ਼ਹਿਰ ਮਨੀਸ਼ ਵੀ ਹਾਜ਼ਰ ਸਨ।