ਚੰਡੀਗੜ੍ਹ, 25 ਅਗਸਤ:- ਹਰਿਆਣਾ ਸਰਕਾਰ ਵੱਲੋਂ ਹਰ ਸਾਲ ਵਾਂਗ ਇਸ ਸਾਲ ਵੀ ਰੱਖੜੀ ਦੇ ਪਵਿੱਤਰ ਤਿਉਹਾਰ 'ਤੇ ਸੂਬੇ ਦੀਆਂ ਔਰਤਾਂ ਨੂੰ ਵਿਸ਼ੇਸ਼ ਤੋਹਫ਼ਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਫ਼ੈਸਲੇ ਤਹਿਤ ਰੱਖੜੀ ਦੇ ਪਵਿੱਤਰ ਤਿਉਂਹਾਰ ਮੌਕੇ ਸਾਰੀਆਂ ਮਹਿਲਾਵਾਂ ਨੂੰ ਹਰਿਆਣਾ ਰਾਜ ਟਰਾਂਸਪੋਰਟ ਦੀਆਂ ਸਾਧਾਰਨ ਬੱਸਾਂ ਵਿੱਚ ਮੁਫ਼ਤ ਯਾਤਰਾ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ।
ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੁਫ਼ਤ ਯਾਤਰਾ ਦੀ ਸਹੂਲਤ 27 ਅਗਸਤ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ ਜੋ 28 ਅਗਸਤ ਦੀ ਅੱਧੀ ਰਾਤ 12 ਵਜੇ ਤੱਕ ਲਾਗੂ ਰਹੇਗੀ। ਯਾਤਰਾ ਦੌਰਾਨ ਮਹਿਲਾਵਾਂ ਨਾਲ ਉਨ੍ਹਾਂ ਦੇ 15 ਸਾਲ ਤੱਕ ਦੀ ਉਮਰ ਦੇ ਬੱਚੇ ਵੀ ਹਰਿਆਣਾ ਰੋਡਵੇਜ਼ ਦੀਆਂ ਸਾਧਾਰਨ ਬੱਸਾਂ ਵਿੱਚ ਬਿਨਾਂ ਕਿਰਾਇਆ ਦਿੱਤੇ ਯਾਤਰਾ ਦਾ ਲਾਭ ਉਠਾ ਸਕਣਗੇ। ਮੁਫ਼ਤ ਯਾਤਰਾ ਦੀ ਸਹੂਲਤ ਹਰਿਆਣਾ ਰਾਜ ਵਿੱਚ ਸਥਿਤ ਕਿਸੇ ਵੀ ਇੱਕ ਥਾਂ ਤੋਂ ਦੂਜੀ ਥਾਂ ਤੱਕ ਆਉਣ-ਜਾਣ ਲਈ ਮੰਨਣਯੋਗ ਹੋਵੇਗੀ, ਜਿਸ ਵਿੱਚ ਦਿੱਲੀ ਅਤੇ ਚੰਡੀਗੜ੍ਹ ਤੱਕ ਦੀਆਂ ਯਾਤਰਾਵਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ।
ਬੁਲਾਰੇ ਨੇ ਦੱਸਿਆ ਕਿ ਰਾਜ ਪੱਧਰ 'ਤੇ ਸੰਬੰਧਿਤ ਅਧਿਕਾਰੀਆਂ ਅਤੇ ਸਾਰੇ ਜ਼ਿਲ੍ਹਾ ਮੈਨੇਜਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਰੱਖੜੀ ਦੌਰਾਨ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਹੋਣ ਦੇਣ। ਇਸ ਲਈ ਬੱਸਾਂ ਦੇ ਸੰਚਾਰੂ ਸੰਚਾਲਨ ਤੋਂ ਇਲਾਵਾ ਲੋੜੀਂਦੀਆਂ ਬੱਸਾਂ ਦੀ ਉਪਲਬਧਤਾ ਅਤੇ ਯਾਤਰੀਆਂ ਦੀ ਸਹੂਲਤ ਲਈ ਜ਼ਰੂਰੀ ਪ੍ਰਬੰਧ ਸਮਾਂ ਰਹਿੰਦੇ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।

ਮਾਰਗਦਰਸ਼ਨ ਲਈ ਬੱਸ ਸਟੈਂਡਾਂ 'ਤੇ ਟਰਾਂਸਪੋਰਟ ਕਰਮਚਾਰੀ ਹੋਣਗੇ ਤਾਇਨਾਤ
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਜਨਰਲ ਮੈਨੇਜਰ ਹਰ ਬੱਸ ਅੱਡੇ 'ਤੇ ਟਰਾਂਸਪੋਰਟ ਕਰਮਚਾਰੀ ਨੂੰ ਵਰਦੀ ਵਿੱਚ ਤਾਇਨਾਤ ਕਰਨਗੇ ਤਾਂ ਜੋ ਉਹ ਮਹਿਲਾਵਾਂ ਨੂੰ ਉਨ੍ਹਾਂ ਦੀ ਮੰਜ਼ਿਲ ਲਈ ਸਹੀ ਮਾਰਗਦਰਸ਼ਨ ਕਰ ਸਕਣ। ਇਸ ਤੋਂ ਇਲਾਵਾ ਔਰਤਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਬੱਸ ਅੱਡਿਆਂ 'ਤੇ ਲੋੜੀਂਦੀ ਮਾਤਰਾ ਵਿੱਚ ਪੁਲਿਸ ਸਟਾਫ਼ ਵੀ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਸੂਬੇ ਦੀਆਂ ਔਰਤਾਂ ਨੂੰ ਰੱਖੜੀ ਦੇ ਪਵਿੱਤਰ ਤਿਉਹਾਰ ਦੀ ਮੁੱਖ ਮੰਤਰੀ ਵੱਲੋਂ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਭੈਣ-ਭਰਾ ਦੇ ਪਿਆਰ ਅਤੇ ਵਿਸ਼ਵਾਸ ਦਾ ਤਿਉਹਾਰ ਹੈ। ਸਰਕਾਰ ਦੀ ਇਸ ਪਹਿਲ ਨਾਲ ਮਹਿਲਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਤਿਉਹਾਰ ਮਨਾਉਣ ਲਈ ਆਉਣ-ਜਾਣ ਦੀ ਬਿਹਤਰ ਸਹੂਲਤ ਮਿਲੇਗੀ।