ਜਲੰਧਰ:- ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ਼ ਟਰੱਸਟ ਦੀ ਅੱਜ ਹੋਈ ਮੀਟਿੰਗ ਨੇ ਫੈਸਲਾ ਲਿਆ ਕਿ ਹਰ ਸਾਲ ਦੀ ਤਰ੍ਹਾਂ ਗ਼ਦਰ ਪਾਰਟੀ ਦਾ ਸਥਾਪਨਾ ਦਿਹਾੜਾ 21 ਅਪ੍ਰੈਲ ਦਿਨ ਮੰਗਲਵਾਰ ਸਵੇਰੇ 11 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਅੰਦਰ ਬਣੇ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿੱਚ ਮਨਾਇਆ ਜਾਏਗਾ। 
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਸਮਾਗਮ 'ਚ ਝੰਡਾ ਲਹਿਰਾਉਣ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਪ੍ਰੋ. ਗੋਪਾਲ ਸਿੰਘ ਬੁੱਟਰ ਅਦਾ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਨਗੇ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਮੰਗਤ ਰਾਮ ਪਾਸਲਾ ਸਮਾਗਮ ਦੇ ਮੁੱਖ ਵਕਤਾ ਹੋਣਗੇ। ਉਹ 'ਇਰਾਨ ਉਪਰ ਅਮਰੀਕਾ-ਇਜ਼ਰਾਇਲ ਵੱਲੋਂ ਹਮਲਾ ਅਤੇ ਭਾਰਤੀ ਹਾਕਮ' ਵਿਸ਼ੇ ਉਪਰ ਕੁੰਜ਼ੀਵਤ ਭਾਸ਼ਣ ਦੇਣਗੇ। 
ਦੁਨੀਆਂ ਭਰ ਦੇ ਅਨਮੋਲ ਕੁਦਰਤੀ ਖਜ਼ਾਨੇ ਲੁੱਟਣ ਵਿਸ਼ੇਸ਼ ਕਰਕੇ ਤੇਲ ਭੰਡਾਰਾਂ ਉਪਰ ਮੁਕੰਮਲ ਕਬਜ਼ਾ ਕਰਨ, ਮੁਲਕਾਂ ਉਪਰ ਆਪਣਾ ਮੁਕੰਮਲ ਸਾਮਰਾਜੀ ਦਾਬਾ ਕਾਇਮ ਕਰਨ ਲਈ ਅਮਰੀਕੀ ਹਾਕਮ ਸੰਸਾਰ ਭਰ ਦੇ ਲੋਕਾਂ ਉਪਰ ਨਿਹੱਕੀ ਜੰਗ ਮੜ੍ਹਕੇ ਨਤੀਜੇ ਵਜੋਂ ਉਹਨਾਂ ਨੂੰ ਚੌਤਰਫ਼ੇ ਸੰਕਟਾਂ ਦੇ ਮੂੰਹ ਧੱਕ ਰਹੇ ਹਨ ਅਤੇ ਭਾਰਤੀ ਹਾਕਮ ਉਹਨਾਂ ਅੱਗੇ ਡੰਡੌਤ ਬੰਧਨਾ ਕਰ ਰਹੇ ਹਨ। ਇਸ ਹਾਲਾਤ ਨੂੰ ਮੁਖ਼ਾਤਬ ਹੋ ਰਹੇ ਇਸ ਸਮਾਗਮ ਦਾ ਮਕਸਦ, ਇਸ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੋਏਗਾ। 
ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਲੋਕ-ਪੱਖੀ ਸੰਸਥਾਵਾਂ ਨੂੰ ਸਮਾਗਮ 'ਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ। 
ਅੱਜ ਦੀ ਮੀਟਿੰਗ ਦਾ ਆਗਾਜ਼ ਬੀਤੇ ਦਿਨੀਂ ਵਿਛੜੇ ਗਗਨਦੀਪ ਸਿੰਘ ਰੰਧਾਵਾ (ਕਮੇਟੀ ਮੈਂਬਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਦੇ ਭਾਣਜੇ), ਇਨਕਲਾਬੀ ਲਹਿਰ ਦੀ ਜਾਣੀ-ਪਹਿਚਾਣੀ ਸਖਸ਼ੀਅਤ ਰਣਜੀਤ ਲਹਿਰਾ, ਜਮਹੂਰੀ ਲਹਿਰ ਦੇ ਸੀਨੀਅਰ ਆਗੂ ਵਿਧੂ ਸੇਖ਼ਰ, ਤਰਕਸ਼ੀਲ ਲਹਿਰ ਦੇ ਆਗੂ ਅਵਤਾਰ ਬਾਈ ਕਨੇਡਾ, ਮੰਗਾ ਬਾਸੀ ਕਵੀ ਕੈਮਲੂਪਸ ਕਨੇਡਾ, ਉੱਘੇ ਭਾਸ਼ਾ ਵਿਗਿਆਨੀ ਡਾ. ਰਣਜੀਤ ਸਿੰਘ ਬਾਜਵਾ, ਕਰਜ਼ੇ ਮਾਰੇ ਪਿੰਡ ਹਰੀ ਨੌਂ ਦੇ ਦੋ ਸਕੇ ਭਰਾਵਾਂ ਜਸਵਿੰਦਰ ਸਿੰਘ ਅਤੇ ਜਸਕਰਨ ਸਿੰਘ ਵੱਲੋਂ ਗੱਡੀ ਅੱਗੇ ਛਾਲ ਮਾਰਕੇ ਇਸ ਦੁਨੀਆਂ ਨੂੰ ਅਲਵਿਦਾ ਕਹਿਣ ਦੀ ਹਿਰਦੇਵੇਦਕ ਮੌਤ ਉਪਰ ਉਹਨਾਂ ਸਭਨਾਂ ਦੇ ਪਰਿਵਾਰਾਂ, ਸਾਕ-ਸਬੰਧੀਆਂ ਅਤੇ ਸੰਗੀ-ਸਾਥੀਆਂ ਨਾਲ ਕਮੇਟੀ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।