ਗੜ੍ਹਸ਼ੰਕਰ, 29 ਜੁਲਾਈ:- ਗੜ੍ਹਸ਼ੰਕਰ ਦੇ ਬੰਗਾ ਰੋਡ ਸਥਿਤ ਜਲੰਧਰ/ਅੰਮ੍ਰਿਤਸਰ ਬੱਸ ਸਟੈਂਡ ਨੇੜੇ ਲੱਗਾ ਕੂੜੇ ਦਾ ਢੇਰ ਰਾਹਗੀਰਾਂ ਅਤੇ ਯਾਤਰੀਆਂ ਲਈ ਗੰਭੀਰ ਸਮੱਸਿਆ ਬਣਿਆ ਹੋਇਆ ਹੈ। ਇਸ ਕਾਰਨ ਇਲਾਕੇ ਵਿੱਚ ਬਦਬੂ ਅਤੇ ਗੰਦਗੀ ਦਾ ਮਾਹੌਲ ਬਣ ਗਿਆ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵਿਚਾਰ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਪ੍ਰੈਸ ਵਾਰਤਾ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਕੂੜੇ ਦੇ ਢੇਰ ਤੋਂ ਉੱਠਦੀ ਬਦਬੂ ਅਤੇ ਗੰਦਗੀ ਕਾਰਨ ਆਉਣ-ਜਾਣ ਵਾਲੇ ਰਾਹਗੀਰਾਂ ਅਤੇ ਬੱਸ ਦੀ ਉਡੀਕ ਕਰ ਰਹੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਕੂੜੇ ਤੋਂ ਫੈਲ ਰਹੀ ਬਦਬੂ ਅਤੇ ਗੰਦਗੀ ਕਿਸੇ ਗੰਭੀਰ ਬਿਮਾਰੀ ਜਾਂ ਮਹਾਂਮਾਰੀ ਨੂੰ ਸੱਦਾ ਦੇ ਸਕਦੀ ਹੈ। ਬੱਸ ਸਟੈਂਡ 'ਤੇ ਖੜ੍ਹੇ ਯਾਤਰੀਆਂ ਨੂੰ ਨੱਕ ਅਤੇ ਮੂੰਹ ਢੱਕ ਕੇ ਖੜ੍ਹਨਾ ਪੈਂਦਾ ਹੈ। ਬਰਸਾਤ ਦੇ ਦਿਨਾਂ ਵਿੱਚ ਹਾਲਾਤ ਹੋਰ ਵੀ ਮਾੜੇ ਹੋ ਜਾਂਦੇ ਹਨ, ਜਿਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਕਈ ਗੁਣਾ ਵੱਧ ਜਾਂਦੀਆਂ ਹਨ।
ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ ਆਮ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਸ ਕੂੜੇ ਦੇ ਡੰਪ ਨੂੰ ਤੁਰੰਤ ਇੱਥੋਂ ਹਟਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨਗਰ ਕੌਂਸਲ ਗੜ੍ਹਸ਼ੰਕਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਬੰਗਾ ਰੋਡ ਬੱਸ ਸਟੈਂਡ ਨੇੜੇ ਪਏ ਇਸ ਕੂੜੇ ਦੇ ਡੰਪ ਨੂੰ ਜਲਦੀ ਤੋਂ ਜਲਦੀ ਚੁੱਕ ਕੇ ਆਬਾਦੀ ਤੋਂ ਬਾਹਰ ਕਿਸੇ ਉਚਿਤ ਸਥਾਨ 'ਤੇ ਤਬਦੀਲ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਗੰਦਗੀ ਅਤੇ ਬਦਬੂ ਤੋਂ ਰਾਹਤ ਮਿਲ ਸਕੇ ਅਤੇ ਸ਼ਹਿਰ ਦਾ ਵਾਤਾਵਰਨ ਵੀ ਸਾਫ਼-ਸੁਥਰਾ ਬਣਿਆ ਰਹੇ।
ਬੰਗਾ ਰੋਡ ਬੱਸ ਸਟੈਂਡ ਨੇੜੇ ਕੂੜੇ ਦਾ ਢੇਰ ਬਣਿਆ ਲੋਕਾਂ ਲਈ ਮੁਸੀਬਤ ਬਦਬੂ ਅਤੇ ਗੰਦਗੀ ਕਾਰਨ ਰਾਹਗੀਰ ਤੇ ਯਾਤਰੀ ਪ੍ਰੇਸ਼ਾਨ ਮਹਾਂਮਾਰੀ ਫੈਲਣ ਦਾ ਖ਼ਤਰਾ ਸਤੀਸ਼ ਕੁਮਾਰ ਸੋਨੀ
