ਨਵੀਂ ਦਿੱਲੀ:- ਬਿੱਟੂ ਨੇ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਵੱਲ ਇਸ ਤਰ੍ਹਾਂ ਹੱਥ ਵਧਾਇਆ ਜਿਵੇਂ ਉਹ ਕੋਈ 'ਸ਼ਹਿਨਸ਼ਾਹ' ਹੋਣ। ਬਿੱਟੂ ਨੇ ਕਿਹਾ, "ਮੈਂ ਸ਼ਾਇਦ ਗਾਂਧੀ ਪਰਿਵਾਰ ਵਿੱਚ ਪੈਦਾ ਨਹੀਂ ਹੋਇਆ ਪਰ ਮੇਰੇ ਸਿਰ 'ਤੇ ਦਸਤਾਰ ਹੈ। ਜਦੋਂ ਉਨ੍ਹਾਂ ਨੇ ਹੱਥ ਵਧਾਇਆ ਤਾਂ ਮੈਂ ਸਾਫ਼ ਕਹਿ ਦਿੱਤਾ ਕਿ ਤੁਸੀਂ ਲੋਕ ਦੇਸ਼ ਦੇ ਗੱਦਾਰ ਅਤੇ ਦੁਸ਼ਮਣ ਹੋ, ਜੋ ਰੋਜ਼ਾਨਾ ਫੌਜ ਅਤੇ ਰਾਸ਼ਟਰ ਦੇ ਵਿਰੁੱਧ ਬੋਲਦੇ ਹੋ। 
ਗਾਂਧੀ ਪਰਿਵਾਰ ਸਿੱਖਾਂ ਦਾ ਕਾਤਲ ਹੈ, ਮੈਂ ਉਸ ਪਰਿਵਾਰ ਦੇ ਪੁੱਤਰ ਨਾਲ ਹੱਥ ਨਹੀਂ ਮਿਲਾ ਸਕਦਾ।" ਰਵਨੀਤ ਬਿੱਟੂ ਨੇ ਕਿਹਾ ਕਿ ਜਦੋਂ ਮੈਂ ਕਾਂਗਰਸ ਪਾਰਟੀ ਵਿਚ ਸੀ ਤਾਂ ਮੈਂ ਸ਼ਹੀਦ ਦਾ ਪੋਤਾ ਸੀ ਅਤੇ ਹੁਣ ਜਦੋਂ ਭਾਜਪਾ ਵਿਚ ਸ਼ਾਮਲ ਹੋ ਗਿਆ ਹਾਂ ਤਾਂ ਮੈਂ ਗੱਦਾਰ ਹੋ ਗਿਆ। ਮੇਰੇ ਪਰਿਵਾਰ ਨੇ ਦੇਸ਼ ਲਈ ਕੁਰਬਾਨੀ ਦਿੱਤੀ ਹੈ। ਉਨ੍ਹਾਂ ਵਿਰੋਧੀ ਧਿਰ 'ਤੇ ਤਿੱਖਾ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਗਾਂਧੀ ਪਰਿਵਾਰ ਸਿੱਖਾਂ ਦੇ ਅਪਮਾਨ ਦਾ ਜ਼ਿੰਮੇਵਾਰ ਹੈ। 
ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਨੇ ਪੰਜਾਬ ਨੂੰ ਅੱਗ ਵਿੱਚ ਝੋਕਿਆ ਸੀ। ਕਾਂਗਰਸ ਨੇ ਪੰਜਾਬ ਦੇ ਗੁਰਦੁਆਰਿਆਂ 'ਚ ਅੱਗ ਲਗਾਈ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਦਰਬਾਰ ਵਿਖੇ ਗੋਲੀਆਂ ਚਲਾਈਆਂ ਸਨ। ਹਜ਼ਾਰਾਂ ਬੇਗੁਨਾਹ ਸਿੱਖਾਂ ਅਤੇ ਪੰਜਾਬੀਆਂ ਨੂੰ ਨਿਸ਼ਾਨਾ ਬਣਾ ਕੇ ਮਾਰਿਆ ਗਿਆ। ਬਿੱਟੂ ਨੇ ਸਵਾਲ ਉਠਾਇਆ ਕਿ ਜੇਕਰ ਰਾਜੀਵ ਗਾਂਧੀ 'ਸ਼ਹੀਦ' ਹਨ, ਤਾਂ ਸਰਦਾਰ ਬੇਅੰਤ ਸਿੰਘ ਨੂੰ ਵੀ 'ਸ਼ਹੀਦ-ਏ-ਆਜ਼ਮ' ਕਿਹਾ ਜਾਣਾ ਚਾਹੀਦਾ ਹੈ।