ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਜਨਵਰੀ 2026:- ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਵਰਲਡ ਕੈਂਸਰ ਕੇਅਰ ਚੈਰਿਟੇਬਲ ਸੋਸਾਇਟੀ ਦੇ ਸਹਿਯੋਗ ਨਾਲ ਅੱਜ ਜ਼ਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ (ਡੀਸੀ ਕੰਪਲੈਕਸ), ਮੋਹਾਲੀ ਵਿਖੇ ਮੁਫ਼ਤ ਕੈਂਸਰ ਜਾਂਚ ਅਤੇ ਵੱਖ-ਵੱਖ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।
ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ, ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਕੈਂਪ ਦੌਰਾਨ ਮੌਜੂਦ ਮਾਹਿਰ ਡਾਕਟਰਾਂ ਵੱਲੋਂ ਜਾਂਚ ਲਈ ਆਏ ਵਿਅਕਤੀਆਂ ਦੀਆਂ ਸਿਹਤ ਸਮੱਸਿਆਵਾਂ ਸਬੰਧੀ ਪੂਰੀ ਸਲਾਹ-ਮਸ਼ਵਰਾ ਕਰਕੇ ਲੋੜੀਂਦੀਆਂ ਮੈਡੀਕਲ ਜਾਂਚਾਂ ਕੀਤੀਆਂ ਗਈਆਂ।
ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੈਂਪ ਦੌਰਾਨ ਵੱਖ-ਵੱਖ ਤਰ੍ਹਾਂ ਦੇ ਕੈਂਸਰ ਦੀ ਜਾਂਚ, ਹੱਡੀਆਂ ਦੀ ਜਾਂਚ, ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਹੋਰ ਬਿਮਾਰੀਆਂ ਸਬੰਧੀ ਖੂਨ ਦੇ ਨਮੂਨੇ ਲਏ ਗਏ। ਇਸ ਤੋਂ ਇਲਾਵਾ ਨੇੜਲੀ ਨਜ਼ਰ ਦੀ ਜਾਂਚ ਉਪਰੰਤ ਲੋੜਵੰਦਾਂ ਨੂੰ ਮੁਫ਼ਤ ਐਨਕਾਂ ਵੀ ਵੰਡੀਆਂ ਗਈਆਂ।
ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਡੀਸੀ ਕੰਪਲੈਕਸ ਦੇ ਅਧਿਕਾਰੀਆਂ/ਕਰਮਚਾਰੀਆਂ ਸਮੇਤ ਬਾਹਰੋਂ ਆਏ ਕੁੱਲ 350 ਲਾਭਪਾਤਰੀਆਂ ਨੇ ਮੁਫ਼ਤ ਸਿਹਤ ਜਾਂਚ ਦਾ ਭਰਪੂਰ ਲਾਹਾ ਲਿਆ। ਲੋਕਾਂ ਵੱਲੋਂ ਕੈਂਪ ਨੂੰ ਸ਼ਲਾਘਾਯੋਗ ਹੁੰਗਾਰਾ ਮਿਲਿਆ।
ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਇਸ ਤਰ੍ਹਾਂ ਦੇ ਹੋਰ ਕੈਂਪ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੀ ਲਗਾਏ ਜਾਣਗੇ, ਤਾਂ ਜੋ ਕੈਂਸਰ ਵਰਗੀ ਗੰਭੀਰ ਬਿਮਾਰੀ ਦੀ ਸਮੇਂ ਸਿਰ ਪਛਾਣ ਅਤੇ ਇਲਾਜ ਕਰਕੇ ਅਣਮੁੱਲੀਆਂ ਜਾਨਾਂ ਬਚਾਈਆਂ ਜਾ ਸਕਣ।
ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੈਂਪ ਦੌਰਾਨ ਕੀਤੀਆਂ ਗਈਆਂ ਜਾਂਚਾਂ ਦੀਆਂ ਸਾਰੀਆਂ ਰਿਪੋਰਟਾਂ ਮਰੀਜ਼ਾਂ ਦੇ ਦਿੱਤੇ ਹੋਏ ਮੋਬਾਈਲ ਨੰਬਰਾਂ ‘ਤੇ ਐਸਐਮਐਸ (SMS) ਰਾਹੀਂ ਭੇਜੀਆਂ ਜਾਣਗੀਆਂ। ਐਸਐਮਐਸ ਵਿੱਚ ਦਿੱਤੇ ਲਿੰਕ ਰਾਹੀਂ ਰਿਪੋਰਟ ਡਾਊਨਲੋਡ ਅਤੇ ਸੁਣੀ ਵੀ ਜਾ ਸਕੇਗੀ।
ਜੇਕਰ ਕਿਸੇ ਕਾਰਨ ਕਰਕੇ ਐਸਐਮਐਸ ਪ੍ਰਾਪਤ ਨਾ ਹੋਵੇ ਤਾਂ ਮਰੀਜ਼ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ 9888711778 ‘ਤੇ ਮਿਸ ਕਾਲ ਦੇ ਕੇ ਦੁਬਾਰਾ ਐਸਐਮਐਸ ਪ੍ਰਾਪਤ ਕਰ ਸਕਦੇ ਹਨ। ਰਿਪੋਰਟ ਦੀ ਹਾਰਡ ਕਾਪੀ ਲੈਣ ਲਈ ਮਰੀਜ਼ ਨਿਰਧਾਰਤ ਮਿਤੀ ਤੋਂ ਬਾਅਦ ਸੰਪਰਕ ਕਰ ਸਕਦੇ ਹਨ।
ਡੀ ਸੀ ਕੰਪਲੈਕਸ ਮੋਹਾਲੀ ਵਿਖੇ ਮੁਫ਼ਤ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ 350 ਲਾਭਪਾਤਰੀਆਂ ਨੇ ਉਠਾਇਆ ਲਾਹਾ
