ਦਿੜ੍ਹਬਾ, 06 ਸਤੰਬਰ:- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਜ਼ਿਲ੍ਹਾ ਸੰਗਰੂਰ ਦੇ ਹਲਕਾ ਦਿੜ੍ਹਬਾ ਦੇ ਪਿੰਡ ਲਾਡਬੰਜਾਰਾ ਅਤੇ ਤੂਰਬੰਜਾਰਾ ਵਿਖੇ ਕਰੀਬ 9 ਕਰੋੜ 15 ਲੱਖ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਪੰਜ ਸੜਕੀ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਮੁੱਖ ਤਰਜੀਹ ਬਣਾਇਆ ਗਿਆ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਪਿੰਡਾਂ ਦੀਆਂ ਸੜਕਾਂ ਸਿਰਫ਼ ਆਵਾਜਾਈ ਦਾ ਸਾਧਨ ਨਹੀਂ ਹਨ, ਸਗੋਂ ਇਹ ਪੇਂਡੂ ਆਰਥਿਕਤਾ ਦੀ ਮਜ਼ਬੂਤੀ ਨਾਲ ਸਿੱਧੇ ਤੌਰ ’ਤੇ ਜੁੜੀਆਂ ਹੋਈਆਂ ਹਨ। ਬਿਹਤਰ ਸੜਕੀ ਸੰਪਰਕ ਨਾਲ ਜਿੱਥੇ ਕਿਸਾਨਾਂ ਨੂੰ ਆਪਣੀ ਖੇਤੀ ਉਪਜ ਮੰਡੀਆਂ ਤੱਕ ਪਹੁੰਚਾਉਣ ਵਿੱਚ ਸਹੂਲਤ ਮਿਲਦੀ ਹੈ, ਉੱਥੇ ਹੀ ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਆਮ ਲੋਕਾਂ ਲਈ ਸਿੱਖਿਆ, ਸਿਹਤ, ਰੋਜ਼ਗਾਰ ਅਤੇ ਹੋਰ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਵੀ ਸੁਖਾਲੀ ਹੁੰਦੀ ਹੈ।
ਸ. ਚੀਮਾ ਨੇ ਦੱਸਿਆ ਕਿ ਲਾਡਬੰਜਾਰਾ ਕਲਾਂ ਵਿਖੇ 5 ਕਰੋੜ 22 ਲੱਖ 64 ਹਜ਼ਾਰ ਰੁਪਏ ਤੋਂ ਵੱਧ ਦੀ ਲਾਗਤ ਨਾਲ ਤਿੰਨ ਸੜਕੀ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ। ਇਨ੍ਹਾਂ ਵਿੱਚ ਲਾਡਬੰਜਾਰਾ ਤੋਂ ਸ਼ਾਦੀਹਰੀ ਤੱਕ 3.75 ਕਿਲੋਮੀਟਰ ਸੜਕ (148.41 ਲੱਖ ਰੁਪਏ), ਲਾਡਬੰਜਾਰਾ ਤੋਂ ਨਿਹਾਲਗੜ੍ਹ ਤੱਕ 2.40 ਕਿਲੋਮੀਟਰ ਸੜਕ (123.80 ਲੱਖ ਰੁਪਏ) ਅਤੇ ਲਾਡਬੰਜਾਰਾ ਤੋਂ ਖੇਤਲਾ ਤੱਕ 4 ਕਿਲੋਮੀਟਰ ਸੜਕ (250.43 ਲੱਖ ਰੁਪਏ) ਸ਼ਾਮਲ ਹੈ।
ਇਸੇ ਤਰ੍ਹਾਂ ਤੂਰਬੰਜਾਰਾ ਵਿਖੇ 3 ਕਰੋੜ 92 ਲੱਖ 65 ਹਜ਼ਾਰ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਦੋ ਸੜਕੀ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਗਏ, ਜਿਸ ਵਿੱਚ ਤੂਰਬੰਜਾਰਾ ਤੋਂ ਦਿੜ੍ਹਬਾ ਤੱਕ 2.80 ਕਿਲੋਮੀਟਰ ਸੜਕ (168.47 ਲੱਖ ਰੁਪਏ) ਅਤੇ ਤੂਰਬੰਜਾਰਾ ਤੋਂ ਗੁੱਜਰਾਂ ਤੱਕ 4 ਕਿਲੋਮੀਟਰ ਸੜਕ (224.18 ਲੱਖ ਰੁਪਏ) ਬਣਾਈ ਗਈ ਹੈ।
ਵਿੱਤ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਪੰਜ ਪ੍ਰੋਜੈਕਟਾਂ ਨਾਲ ਕਰੀਬ 16.95 ਕਿਲੋਮੀਟਰ ਸੜਕੀ ਨੈੱਟਵਰਕ ਮਜ਼ਬੂਤ ਹੋਇਆ ਹੈ, ਜਿਸ ਨਾਲ ਹਜ਼ਾਰਾਂ ਵਸਨੀਕਾਂ ਨੂੰ ਰੋਜ਼ਾਨਾ ਆਵਾਜਾਈ ਵਿੱਚ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਨਾਂ ਕਿਸੇ ਭੇਦਭਾਵ ਦੇ ਸਰਕਾਰੀ ਖ਼ਜ਼ਾਨੇ ਦੀ ਸੁਚੱਜੀ ਵਰਤੋਂ ਕਰਦਿਆਂ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਭਵਿੱਖ ਵਿੱਚ ਵੀ ਇਲਾਕੇ ਦੀਆਂ ਲੋੜਾਂ ਅਨੁਸਾਰ ਵਿਕਾਸ ਪ੍ਰੋਜੈਕਟਾਂ ਨੂੰ ਪਹਿਲ ਦੇ ਆਧਾਰ ’ਤੇ ਅੱਗੇ ਵਧਾਇਆ ਜਾਵੇਗਾ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਲਾਡਬੰਜਾਰਾ ਅਤੇ ਤੂਰਬੰਜਾਰਾ ਵਿਖੇ ਕਰੀਬ 9 ਕਰੋੜ ਰੁਪਏ ਦੀ ਲਾਗਤ ਵਾਲੇ 5 ਸੜਕੀ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ
