ਮੁੰਬਈ:- ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਲੈਕਟ੍ਰੌਨਿਕ ਟੋਲ ਕਲੈਕਸ਼ਨ ਸਿਸਟਮ ‘ਫਾਸਟੈਗ’ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਨਾਲ ਸਰਕਾਰ ਨੂੰ ਸਾਲਾਨਾ 25,000 ਕਰੋੜ ਰੁਪਏ ਤੱਕ ਦਾ ਮੁਨਾਫ਼ਾ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਕੌਮੀ ਰਾਜਮਾਰਗਾਂ ’ਤੇ ਸਾਰੇ ਟੋਲ ਬੂਥ ਮਾਰਚ 2027 ਤੱਕ ਬਿਨਾਂ ਰੁਕਾਵਟ ਦੇ ਕੰਮ ਕਰਨ ਲੱਗ ਪੈਣਗੇ। ਗਡਕਰੀ ਨੇ ਇੱਥੇ ਗਲੋਬਲ ਫਿਨਟੈਕ ਸੰਮੇਲਨ ਵਿੱਚ ਕਿਹਾ, ‘‘ਜਦੋਂ ਇਹ ਪ੍ਰਣਾਲੀ ਪੂਰੀ ਤਰ੍ਹਾਂ ਲਾਗੂ ਹੋ ਜਾਵੇਗੀ, ਤਾਂ ਫਾਸਟੈਗ ਦੀ ਵਰਤੋਂ ਨਾਲ ਸਾਡਾ ਵਿਭਾਗ ਹੀ ਭਾਰਤ ਸਰਕਾਰ ਨੂੰ ਸਾਲਾਨਾ 20,000 ਤੋਂ 25,000 ਕਰੋੜ ਰੁਪਏ ਦਾ ਲਾਭ ਪਹੁੰਚਾਏਗਾ।’’
ਉਨ੍ਹਾਂ ਕਿਹਾ ਕਿ ਫਾਸਟੈਗ ਦੀ ਵਰਤੋਂ ਨਾਲ ਟੋਲ ਬੂਥਾਂ ਤੋਂ ਹੋਣ ਵਾਲੀ ਆਮਦਨ ਵਿੱਚ 10 ਫੀਸਦੀ ਯਾਨੀ ਲਗਪਗ 7,000 ਕਰੋੜ ਰੁਪਏ ਦਾ ਵਾਧਾ ਹੋਇਆ ਹੈ ਅਤੇ ਇਹ ਹੁਣ 82,000 ਕਰੋੜ ਰੁਪਏ ਤੋਂ ਵੱਧ ਹੋ ਗਈ ਹੈ।
ਗਡਕਰੀ ਨੇ ਕਿਹਾ ਕਿ ਅਜੇ ਜਿਨ੍ਹਾਂ ਬਿਨਾਂ ਰੁਕਾਵਟ ਵਾਲੇ ਟੋਲ ਬੂਥਾਂ ਦੀ ਵਿਵਸਥਾ ਦਾ ਪਰੀਖਣ ਕੀਤਾ ਜਾ ਰਿਹਾ ਹੈ, ਉਨ੍ਹਾਂ ਤੋਂ ਇਸ ਵਿੱਚ 10 ਫੀਸਦੀ ਯਾਨੀ 7,000 ਤੋਂ 8,000 ਕਰੋੜ ਰੁਪਏ ਦਾ ਹੋਰ ਵਾਧਾ ਹੋਣ ਦੀ ਉਮੀਦ ਹੈ।
ਗਡਕਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਟੋਲ ਬੂਥਾਂ ਦੇ ਸੰਚਾਲਨ ਦੀ ਲਾਗਤ ਵੀ ਪਹਿਲਾਂ ਦੇ 12 ਫੀਸਦੀ ਤੋਂ ਘੱਟ ਕੇ ਦੋ-ਤਿੰਨ ਫੀਸਦੀ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦਸੰਬਰ ਦੇ ਅੰਤ ਤੱਕ 70 ਫੀਸਦੀ ਤੋਂ ਵੱਧ ਟੋਲ ਬੂਥ ਬਿਨਾਂ ਰੁਕਾਵਟ ਦੇ ਹੋ ਜਾਣਗੇ ਅਤੇ ਅਗਲੇ ਸਾਲ ਮਾਰਚ ਤੱਕ ਇਹ ਗਿਣਤੀ 100 ਫੀਸਦੀ ਹੋ ਜਾਵੇਗੀ। 
ਗਡਕਰੀ ਨੇ ਕਿਹਾ ਕਿ ਟੋਲ ਬੂਥਾਂ ’ਤੇ ਵਾਹਨਾਂ ਦੇ ਫਸਣ ਦੀ ਸੰਭਾਵਨਾ ਘੱਟ ਹੋਣ ਨਾਲ ਵਾਹਨ ਮਾਲਕਾਂ ਦੇ ਸਮੇਂ ਦੀ ਵੀ ਬਚਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਧਿਐਨਾਂ ਅਨੁਸਾਰ, ਸਿਰਫ਼ ਬਾਲਣ ਦੀ ਬਚਤ ਨਾਲ ਹੀ ਸਾਲਾਨਾ 5,250 ਕਰੋੜ ਰੁਪਏ ਤੋਂ ਵੱਧ ਦੀ ਬਚਤ ਹੋਈ ਹੈ।