ਐਸ ਏ ਐਸ ਨਗਰ, 1 ਮਈ- ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਬਿਜਲੀ ਦੇ ਲੱਗ ਰਹੇ ਕੱਟਾਂ ਨਾਲ ਮੁਹਾਲੀ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਮੁਹਾਲੀ ਦੇ ਦੋਹਾਂ ਵਾਟਰ ਟ੍ਰੀਟਮੈਂਟ ਪਲਾਂਟਾਂ ਨੂੰ ਬਿਜਲੀ ਦੀ ਹੌਟਲਾਈਨ ਨਾਲ ਜੋੜਨ ਦੀ ਮੰਗ ਕੀਤੀ ਹੈ ਤਾਂ ਜੋ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਕਿਸੇ ਤਰ੍ਹਾਂ ਦਾ ਵਿਘਨ ਨਾ ਪੈ ਸਕੇ। ਇਸਦੇ ਨਾਲ ਹੀ ਉਹਨਾਂ ਪੀ ਐਸ ਪੀ ਸੀ ਐਲ ਨੂੰ ਇਹਨਾਂ ਕੱਟਾਂ ਬਾਰੇ ਅਗਾਊਂ ਜਾਣਕਾਰੀ ਦੇਣ ਲਈ ਕਿਹਾ ਹੈ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਉਹਨਾਂ ਦੇ ਧਿਆਨ ਵਿੱਚ ਲਿਆਉਂਦਾ ਹੈ ਕਿ ਵੇਰਕਾ ਚੌਂਕ ਦੇ ਨੇੜੇ ਬਿਜਲੀ ਵਿਭਾਗ ਦਾ ਕੋਈ ਕੰਮ ਚਲਦੇ ਹੋਣ ਕਾਰਨ ਸੈਕਟਰ 56 ਅਤੇ ਸੈਕਟਰ 57 ਦੋਹਾਂ ਪਾਸੇ ਬੀਤੇ ਕੱਲ ਵੀ ਲੰਬਾ ਕੱਟ ਲੱਗਿਆ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਵੀ ਪਿਛਲੇ ਤਿੰਨ ਚਾਰ ਦਿਨ ਲਗਾਤਾਰ ਕੱਟ ਲੱਗਦੇ ਰਹੇ ਹਨ ਜਿਸ ਕਾਰਨ ਪਾਣੀ ਦੀ ਸਪਲਾਈ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। 
ਉਹਨਾਂ ਕਿਹਾ ਕਿ ਇਹਨਾਂ ਦੋਹਾਂ ਵਾਟਰ ਟ੍ਰੀਟਮੈਂਟ ਪਲਾਂਟਾਂ ਤੋਂ ਮੁਹਾਲੀ ਨਗਰ ਨਿਗਮ ਦੇ ਅਧੀਨ ਪੈਂਦੇ ਲਗਭਗ ਪੂਰੇ ਇਲਾਕੇ ਵਿੱਚ ਪਾਣੀ ਸਪਲਾਈ ਹੁੰਦਾ ਹੈ ਅਤੇ ਇਸ ਤਰ੍ਹਾਂ ਬਿਜਲੀ ਦਾ ਕੱਟ ਲੱਗਣ ਨਾਲ ਪਾਣੀ ਦੀ ਸਪਲਾਈ ਦਾ ਪ੍ਰੈਸ਼ਰ ਬਹੁਤ ਘੱਟ ਜਾਂਦਾ ਹੈ ਅਤੇ ਉਪਰਲੀਆਂ ਮੰਜ਼ਿਲਾਂ ਤੇ ਪਾਣੀ ਉੱਕਾ ਹੀ ਨਹੀਂ ਚੜਦਾ ਜਿਸ ਕਾਰਨ ਲੋਕ ਪਰੇਸ਼ਾਨ ਹੁੰਦੇ ਹਨ।
ਉਹਨਾਂ ਸ਼ਹਿਰ ਵਾਸੀਆਂ ਨੂੰ ਵੀ ਕਿਹਾ ਕਿ ਗਰਮੀ ਦੇ ਇਸ ਮੌਸਮ ਵਿੱਚ ਪਾਣੀ ਦੀ ਸੁਚਾਰੂ ਢੰਗ ਨਾਲ ਵਰਤੋਂ ਕਰਨ ਤਾਂ ਜੋ ਉਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਕਿਹਾ ਕਿ ਸਵੇਰ ਵੇਲੇ ਕਿਸੇ ਵੀ ਸੂਰਤ ਵਿੱਚ ਬਗੀਚਿਆਂ ਨੂੰ ਪਾਣੀ ਨਾ ਦਿੱਤਾ ਜਾਵੇ ਅਤੇ ਗੱਡੀਆਂ ਨੂੰ ਧੋਣ ਲਈ ਪਾਣੀ ਦੀ ਵਰਤੋਂ ਪਾਣੀ ਦੀ ਪਾਈਪ ਲਗਾ ਕੇ ਨਾ ਕੀਤੀ ਜਾਵੇ। ਉਹਨਾਂ ਕਿਹਾ ਕਿ ਇਸ ਸਬੰਧੀ ਜਨ ਸਿਹਤ ਵਿਭਾਗ ਅਤੇ ਨਗਰ ਨਿਗਮ ਵਲੋਂ ਵੱਖ-ਵੱਖ ਟੀਮਾਂ ਭੇਜ ਕੇ ਚਲਾਨ ਵੀ ਕੀਤੇ ਜਾ ਰਹੇ ਹਨ ਪਰ ਲੋਕਾਂ ਨੂੰ ਖੁਦ ਜਾਗਰੂਕ ਹੋਣ ਦੀ ਲੋੜ ਹੈ।