ਅੰਬਾਲਾ, 25 ਜੁਲਾਈ:- ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿਜ ਦੇ ਯਤਨਾਂ ਸਦਕਾ ਭਗਵਾਨ ਕ੍ਰਿਸ਼ਨ ਦੇ ਗ੍ਰਹਿ ਨਗਰ ਮਥੁਰਾ-ਵ੍ਰਿੰਦਾਵਨ ਜਾਣ ਵਾਲੇ ਸ਼ਰਧਾਲੂਆਂ ਨੂੰ ਹੁਣ ਅੰਬਾਲਾ ਤੋਂ ਰੋਜ਼ਾਨਾ ਸਿੱਧੀ ਏਸੀ ਬੱਸ ਸੇਵਾ ਦਾ ਲਾਭ ਮਿਲੇਗਾ। ਇਸ ਤੋਂ ਪਹਿਲਾਂ ਅੰਬਾਲਾ ਤੋਂ ਮਥੁਰਾ-ਵ੍ਰਿੰਦਾਵਨ ਲਈ ਕੋਈ ਸਿੱਧੀ ਬੱਸ ਸੇਵਾ ਉਪਲਬਧ ਨਹੀਂ ਸੀ। ਸ਼ਰਧਾਲੂਆਂ ਨੇ ਇਸ ਬੱਸ ਸੇਵਾ ਦੀ ਸ਼ੁਰੂਆਤ ਲਈ ਟਰਾਂਸਪੋਰਟ ਮੰਤਰੀ ਦਾ ਧੰਨਵਾਦ ਕੀਤਾ ਹੈ।
ਮਥੁਰਾ-ਵ੍ਰਿੰਦਾਵਨ ਲਈ ਇਹ ਏਸੀ ਬੱਸ ਅੰਬਾਲਾ ਛਾਉਣੀ ਬੱਸ ਅੱਡੇ ਤੋਂ ਰੋਜ਼ਾਨਾ ਸਵੇਰੇ 5:30 ਵਜੇ ਰਵਾਨਾ ਹੋਵੇਗੀ ਅਤੇ ਕਰਨਾਲ, ਪਾਣੀਪਤ, ਦਿੱਲੀ, ਫ਼ਰੀਦਾਬਾਦ, ਬੱਲਭਗੜ੍ਹ ਤੇ ਪਲਵਲ ਰਾਹੀਂ ਲਗਭਗ 395 ਕਿੱਲੋਮੀਟਰ ਦੀ ਦੂਰੀ ਤੈਅ ਕਰੇਗੀ ਅਤੇ ਲਗਭਗ 2:30 ਵਜੇ ਵ੍ਰਿੰਦਾਵਨ ਤੇ ਮਥੁਰਾ ਪਹੁੰਚੇਗੀ। ਇਸ ਨੌਂ ਘੰਟੇ ਦੀ ਯਾਤਰਾ ਦੌਰਾਨ ਯਾਤਰੀਆਂ ਦੀ ਸਹੂਲਤ ਦਾ ਧਿਆਨ ਰੱਖਿਆਂ ਗਿਆ ਹੈ। ਇਸੇ ਤਰ੍ਹਾਂ ਵਾਪਸੀ ਵਾਲੀ ਬੱਸ ਮਥੁਰਾ ਤੋਂ ਰਾਤ 8:30 ਵਜੇ ਰਵਾਨਾ ਹੋਵੇਗੀ ਅਤੇ ਨੌਂ ਘੰਟੇ ਦੀ ਯਾਤਰਾ ਤੋਂ ਬਾਅਦ ਅੰਬਾਲਾ ਪਹੁੰਚੇਗੀ।
ਇਸ ਬੱਸ ਸੇਵਾ ਦੇ ਸ਼ੁਰੂ ਹੋਣ ਨਾਲ ਨਾ ਸਿਰਫ਼ ਅੰਬਾਲਾ ਸਗੋਂ ਪੰਚਕੂਲਾ, ਯਮੁਨਾਨਗਰ, ਹਿਮਾਚਲ ਪ੍ਰਦੇਸ਼ ਅਤੇ ਹੋਰ ਥਾਵਾਂ ਤੋਂ ਵੀ ਯਾਤਰੀਆਂ ਨੂੰ ਇਸ ਦਾ ਲਾਭ ਮਿਲੇਗਾ। ਸ਼ਰਧਾਲੂ ਭਜਨ ਅਤੇ ਕੀਰਤਨ ਗਾਉਂਦੇ ਹੋਏ ਸ਼੍ਰੀ ਕ੍ਰਿਸ਼ਨ ਦੇ ਅਸਥਾਨ ਦੀ ਯਾਤਰਾ ਕਰ ਸਕਣਗੇ।
ਜਾਣਕਾਰੀ ਅਨੁਸਾਰ ਹਰਿਆਣਾ ਰੋਡਵੇਜ਼ ਨੇ ਇਸ ਰੂਟ ਲਈ ਦੋ ਬੱਸਾਂ ਰਿਜ਼ਰਵ ਕੀਤੀਆਂ ਹਨ। ਦੋਵੇਂ ਬੱਸਾਂ ਵਿਕਲਪਿਕ ਤੌਰ 'ਤੇ ਚੱਲਣਗੀਆਂ। ਪਹਿਲਾਂ ਸ਼ਰਧਾਲੂਆਂ ਨੂੰ ਵਾਰ-ਵਾਰ ਬੱਸਾਂ ਬਦਲਣੀਆਂ ਪੈਂਦੀਆਂ ਸਨ, ਇਸ ਨਵੀਂ ਸੇਵਾ ਸ਼ੁਰੂ ਹੋਣ ਨਾਲ ਨਾ ਸਿਰਫ਼ ਯਾਤਰੀਆਂ ਦਾ ਸਮਾਂ ਬਚੇਗਾ ਸਗੋਂ ਅਸੁਵਿਧਾ ਵੀ ਘੱਟ ਹੋਵੇਗੀ।
ਇਸ ਬੱਸ ਸੇਵਾ ਦੇ ਸ਼ੁਰੂ ਕੀਤੇ ਜਾਣ ਤੇ ਸੂਰਜ ਰਾਣਾ, ਸੁਨੀਲ ਚੋਪੜਾ, ਅਜੇ ਕਪੂਰ, ਰਮੇਸ਼ ਡਾਂਗ, ਵਿਸ਼ਾਲ, ਵਿਜੇ ਆਦਿ ਸ਼ਰਧਾਲੂਆਂ ਨੇ ਟਰਾਂਸਪੋਰਟ ਮੰਤਰੀ ਅਨਿਲ ਵਿਜ ਦਾ ਧੰਨਵਾਦ ਕੀਤਾ ਹੈ।
