ਲੁਧਿਆਣਾ 31 ਅਗਸਤ 2024- ਡਾ. ਹਰਮਨਜੀਤ ਸਿੰਘ ਬਾਂਗਾ, ਰਜਿਸਟਰਾਰ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ 31 ਅਗਸਤ 2024 ਨੂੰ ਸੇਵਾ ਮੁਕਤ ਹੋ ਗਏ। ਉਨ੍ਹਾਂ ਨੇ ਆਪਣਾ ਪੇਸ਼ੇਵਰ ਜੀਵਨ 1988 ਵਿਚ ਸ਼ੁਰੂ ਕੀਤਾ। ਉਹ ਇਕ ਉੱਘੇ ਵੈਟਨਰੀ ਪਥਾਲੋਜਿਸਟ ਦੇ ਤੌਰ ’ਤੇ ਵਿਚਰੇ। ਸਤੰਬਰ 2020 ਵਿਚ ਉਨ੍ਹਾਂ ਨੇ ਯੂਨੀਵਰਸਿਟੀ ਰਜਿਸਟਰਾਰ ਵਜੋਂ ਸੇਵਾ ਸੰਭਾਲੀ। ਇਸ ਤੋਂ ਪਹਿਲਾਂ ਉਹ ਵੈਟਨਰੀ ਪਥਾਲੋਜੀ ਵਿਭਾਗ ਵਿਖੇ ਮੁਖੀ ਵਜੋਂ, ਯੂਨੀਵਰਸਿਟੀ ਲਾਇਬ੍ਰੇਰੀਅਨ ਵਜੋਂ ਅਤੇ ਵੈਟਨਰੀ ਸਾਇੰਸ ਕਾਲਜ ਰਾਮਪੁਰਾ ਫੂਲ ਦੇ ਡੀਨ ਵਜੋਂ ਸੇਵਾ ਦੇ ਚੁੱਕੇ ਸਨ। ਉਨ੍ਹਾਂ ਨੂੰ ਪਥਾਲੋਜੀ ਵਿਭਾਗ ਦੇ ਸੈਂਟਰ ਫਾਰ ਅਡਵਾਂਸ ਫੈਕਲਟੀ ਟ੍ਰੇਨਿੰਗ ਦੇ ਨਿਰਦੇਸ਼ਕ ਰਹਿਣ ਦਾ ਵੀ ਸ਼ਰਫ਼ ਹਾਸਿਲ ਹੈ।
ਉਨ੍ਹਾਂ ਨੇ ‘ਈ-ਹਰਨਿਰਦੇਸ਼’ਸਿੱਖਿਆ ਪੋਰਟਲ ਵੀ ਤਿਆਰ ਕੀਤਾ ਜਿਸ ਨਾਲ ਇਹ ਯੂਨੀਵਰਸਿਟੀ ਮੁਲਕ ਦੀ ਪਹਿਲੀ ਯੂਨੀਵਰਸਿਟੀ ਬਣ ਗਈ ਜਿਸ ਨੇ ਪ੍ਰਬੰਧਨ ਢਾਂਚੇ ਦੀ ਸਿੱਖਿਆ ਸੰਬੰਧੀ ਕੰਮ ਕੀਤਾ। ਉਨ੍ਹਾਂ ਨੇ ਕਈ ਵਿਦਿਅਕ ਯੂਟਿਊਬ ਵੀਡੀਓ ਵੀ ਤਿਆਰ ਕੀਤੀਆਂ। ਉਨ੍ਹਾਂ ਨੇ ਯੂਨੀਵਰਸਿਟੀ ਦੀ ਨਿਯਮਾਵਲੀ ਪੁਸਤਕ, ਅਕਾਊਂਟ ਕੋਡ ਅਤੇ ਪੈਨਸ਼ਨ ਨਿਯਮ ਤਿਆਰ ਕੀਤੇ ਤਾਂ ਜੋ ਨਿਯਮਾਂ ਵਿਚ ਪਾਰਦਰਸ਼ਿਤਾ ਬਣੀ ਰਹੇ। ਉਨ੍ਹਾਂ ਨੇ ਸਮੈਸਟਰ ਅਤੇ ਹੋਸਟਲ ਨਿਯਮ ਵੀ ਲਿਖੇ। ਡਾ. ਬਾਂਗਾ ਨੇ ਸਿਨਾਪਸਿਸ ਅਤੇ ਥੀਸਿਸ ਲਿਖਣ ਸੰਬੰਧੀ ਵੀ ਪੁਸਤਕ ਤਿਆਰ ਕੀਤੀ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਡਾ. ਬਾਂਗਾ ਦੀ ਦਿਲ ਦੀ ਗਹਿਰਾਈਆਂ ਤੋਂ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਕੀਤੇ ਕੰਮਾਂ ਨੇ ਯੂਨੀਵਰਸਿਟੀ ਦੀ ਕਾਰਜਸ਼ੈਲੀ ’ਤੇ ਅਮਿੱਟ ਛਾਪ ਛੱਡੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਯੂਨੀਵਰਸਿਟੀ ਦਾ ਇਹ ਸਥਾਨ ਅਜਿਹੇ ਦੂਰ-ਦ੍ਰਿਸ਼ਟੀ ਅਤੇ ਵੱਡੀ ਸੋਚ ਰੱਖਣ ਵਾਲੇ ਅਧਿਕਾਰੀਆਂ ਕਾਰਨ ਹੀ ਸਥਾਪਿਤ ਹੋਇਆ ਹੈ। ਉਨ੍ਹਾਂ ਦੇ ਸੇਵਾ ਮੁਕਤੀ ਸਮਾਰੋਹ ਵਿਚ ਯੂਨੀਵਰਸਿਟੀ ਦੇ ਡੀਨ, ਨਿਰਦੇਸ਼ਕ ਅਤੇ ਅਧਿਆਪਕਾਂ ਨੇ ਹਿੱਸਾ ਲਿਆ।