ਗੜਸ਼ੰਕਰ, 22 ਅਕਤੂਬਰ- ਅੱਜ ਇੱਥੇ ਗਾਂਧੀ ਪਾਰਕ ਸਥਿਤ ਦੁਆਬਾ ਸਾਹਿਤ ਸਭਾ (ਰਜਿ.) ਗੜ੍ਹਸ਼ੰਕਰ ਦੇ ਦਫਤਰ ਅਤੇ ਸਰਦਾਰ ਮੇਜਰ ਸਿੰਘ ਮੌਜੀ ਲਾਇਬਰੇਰੀ ਵਿਖੇ ਸਭਾ ਦੀ ਮਹੀਨਾਵਾਰ ਮੀਟਿੰਗ ਸਭਾ ਪ੍ਰਧਾਨ ਪ੍ਰਿੰਸੀਪਲ ਡਾ.ਬਿੱਕਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਭਾ ਦੇ ਸਰਪ੍ਰਸਤ ਸੰਤੋਖ ਸਿੰਘ ਵੀਰ ਜੀ ਵੱਲੋਂ ਰਚਿਤ ਪੁਸਤਕ “ਗੁਰਸਿੱਖੀ ਪ੍ਰਸ਼ਨੋਤਰੀ” ਲੋਕ ਅਰਪਣ ਕੀਤੀ ਗਈ। 
ਪੁਸਤਕ  ਰਿਲੀਜ਼ ਕਰਨ ਮੌਕੇ ਪੰਜਾਬੀ ਸਾਹਿਤ ਦੇ ਉੱਘੇ ਆਲੋਚਕ ਪ੍ਰੋਫੈਸਰ ਜੇ.ਬੀ.ਸੇਖੋਂ ਨੇ ਸੰਤੋਖ ਸਿੰਘ ਵੀਰ ਜੀ ਵੱਲੋਂ ਰਚਿਤ ਕਿਤਾਬ ਬਾਰੇ ਬੋਲਦਿਆਂ ਹੋਇਆਂ ਕਿਹਾ ਕਿ ਇਸ ਕਿਤਾਬ ਵਿੱਚ ਸੰਤੋਖ ਸਿੰਘ ਵੀਰ ਜੀ ਨੇ ਜਿਹੜੀ ਸ਼ੈਲੀ ਦੀ ਵਰਤੋਂ ਕੀਤੀ ਹੈ ਉਸ ਦੀ ਪਰੰਪਰਾ ਭਾਰਤੀ ਖਾਸ ਕਰਕੇ ਪੁਰਾਤਨ ਪੰਜਾਬੀ ਸਮੇਂ ਦੀ ਪਰੰਪਰਾ ਨੂੰ ਅੱਗੇ ਵਧਾਉਂਦੀ ਹੈ ਅਤੇ ਇਸ ਸਮੇਂ ਇਸ ਪਰੰਪਰਾ ਦੀ ਬਹੁਤ ਜਿਆਦਾ ਜਰੂਰਤ ਹੈ।
ਇਸ ਸਮੇਂ ਕਿਤਾਬ ਤੇ ਬੋਲਦਿਆਂ ਹੋਇਆਂ ਮੁਲਾਜ਼ਮ ਆਗੂ ਮੁਕੇਸ਼ ਕੁਮਾਰ ਨੇ ਕਿਹਾ ਕਿ ਜਦੋਂ ਹਾਕਮਾਂ ਵੱਲੋਂ ਸਵਾਲ ਕਰਨ ਤੇ ਮੁਲਕ ਵਿੱਚ ਬਿਲਕੁਲ ਪਾਬੰਦੀ ਲਗਾਈ ਹੋਈ ਹੈ , ਅਜਿਹੇ ਸਮੇਂ ਉਹਨਾਂ ਕਿਤਾਬਾਂ ਦੀ ਬਹੁਤ ਜਰੂਰਤ ਹੈ ਜੋ ਸਵਾਲ ਕਰਦੀਆਂ ਹੋਣ ਤੇ ਨਾਲ ਹੀ ਉਹਨਾਂ ਦਾ ਜਵਾਬ ਲੱਭਣ ਲਈ ਸੰਵਾਦ ਰਚਾਉਂਦੀਆਂ ਹੋਣ । 
ਸਭਾ ਪ੍ਰਧਾਨ ਪ੍ਰਿੰਸੀਪਲ ਡਾ.ਬਿੱਕਰ ਸਿੰਘ ਨੇ ਸੰਤੋਖ ਵੀਰ ਜੀ ਦੀ ਦੁਆਰਾ ਸਿੱਖੀ ਵਿਚਾਰਧਾਰਾ ਨੂੰ ਸਮਰਪਿਤ ਕਿਤਾਬ ਨੂੰ ਦੁਆਬਾ ਸਾਹਿਤ ਸਭਾ ਰਾਹੀਂ ਪਾਠਕਾਂ ਦੀ ਝੋਲੀ ਪਾਣ ਤੇ ਵਧਾਈ ਅਤੇ ਉਹਨਾਂ ਦੇ ਪੱਕੇ ਤੌਰ 'ਤੇ ਵਿਦੇਸ਼ ਸਥਾਪਤ ਹੋਣ  ਲਈ ਸ਼ੁਭ ਕਾਮਨਾਵਾਂ ਦਿਤੀਆ। ਉਨ੍ਹਾ ਨੇ ਲੰਬੇ ਸਮੇਂ ਲਈ ਵੀਰ ਜੀ ਵਲੋਂ ਸਭਾ ਨੂੰ ਦਿੱਤੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਵੀਰ ਜੀ ਨੇ ਕਿਹਾ ਕਿ ਉਹ ਸਭਾ ਵਲੋਂ ਦਿੱਤੇ ਮਾਣ ਸਤਿਕਾਰ ਲਈ ਹਮੇਸ਼ਾ ਸਭਾ ਦੇ ਰਿਣੀ ਰਹਿਣਗੇ।    
       ਸਮਾਗਮ ਦੇ  ਦੂਜੇ ਸ਼ੈਸ਼ਨ ਵਿੱਚ ਹੋਏ ਕਵੀ ਦਰਬਾਰ ਦੀ ਪ੍ਰਧਾਨਗੀ ਸ੍ਰ. ਪਰਮਿੰਦਰ ਸਿੰਘ , ਸੁਪਰਡੰਟ ਖਾਲਸਾ ਕਾਲਜ ਗੜਸ਼ੰਕਰ ਨੇ ਕੀਤੀ। ਕਵੀ ਦਰਬਾਰ ਵਿੱਚ ਵੱਖ ਵੱਖ ਕਵੀਆਂ ਸ.ਤਾਰਾ ਸਿੰਘ ਚੇੜਾ, ਮੈਡਮ ਜਸਵੀਰ ਕੌਰ, ਹੰਸਰਾਜ ਗੜਸ਼ੰਕਰ, ਬਲਵੀਰ ਖਾਨਪੁਰੀ, ਤਰਨਜੀਤ ਗੋਗੋ, ਸੰਤੋਖ ਵੀਰ ਜੀ, ਵਿਜੇ ਭੱਟੀ, ਐਡਵੋਕੇਟ ਪ੍ਰਭਜੋਤ ਸਿੰਘ ਨਵਾਂ ਸ਼ਹਿਰ, ਪ੍ਰੋ. ਜੇ. ਬੀ. ਸੇਖੋਂ, ਮੁਕੇਸ਼ ਕੁਮਾਰ, ਅਮਰਜੀਤ ਬੰਗੜ, ਮਨਦੀਪ ਕੁਮਾਰ, ਪ੍ਰਿੰਸੀਪਲ ਦਲਵਾਰਾ ਰਾਮ , ਗੁਰਦੀਪ ਸਿੰਘ ਮੁਕੱਦਮ ਅਤੇ ਜਰਨੈਲ ਸਿੰਘ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਕਵੀ ਦਰਬਾਰ ਦੀ ਪ੍ਰਧਾਨਗੀ ਕਰਦਿਆਂ ਪਰਮਿੰਦਰ ਸਿੰਘ ਜੀ ਵੱਲੋ ਸਭਾ ਦੇ ਖਰਚਿਆ ਲਈ  1100 ਰੁਪਏ ਦੀ ਸਹਿਯੋਗੀ ਰਾਸ਼ੀ ਵੀ ਭੇਟ ਕੀਤੀ ਗਈ।
 ਸਭਾ ਦੀ ਮੀਟਿੰਗ ਦੇ ਅੰਤ ਵਿੱਚ ਸੰਤੋਖ ਵੀਰ ਜੀ ਵਲੋ ਵਿਦੇਸ਼ ਜਾਣ ਦੀ ਖੁਸ਼ੀ ਵਿੱਚ ਸਭਾ ਨੂੰ 5000/- ਰੁਪੈ ਦੀ ਸਹਿਯੋਗੀ ਰਾਸ਼ੀ ਭੇਟ ਕਰਦਿਆਂ ਸਭਾ ਨਾਲ ਜੁੜੇ ਰਹਿਣ ਦਾ ਅਹਿਦ ਕਰਨ ਲਈ ਦੁਆਬਾ ਸਾਹਿਤ ਸਭਾ (ਰਜਿ.) ਗੜ੍ਹਸ਼ੰਕਰ  ਦੇ ਪ੍ਰਧਾਨ ਵਲੋਂ ਉਹਨਾਂ ਦਾ ਧੰਨਵਾਦ ਅਤੇ ਵਿਦੇਸ਼ ਜਾਣ ਲਈ ਸ਼ੁਭ ਕਾਮਨਾਵਾਂ ਦੇਣ 'ਤੇ ਅੱਜ ਦੀ ਮੀਟਿੰਗ ਵਿੱਚ ਸ਼ਾਮਿਲ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ।