ਹੁਸ਼ਿਆਰਪੁਰ:- ਮਾਨਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਆਈ. ਏ. ਐੱਸ., ਸਿਵਲ ਸਰਜਨ ਹੁਸ਼ਿਆਰਪੁਰ ਡਾ.ਮਨਦੀਪ ਕਮਲ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਵਾਤੀ ਸ਼ੀਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਵੱਲੋਂ ਐੱਚ.ਪੀ. ਗੈਸ ਪਲਾਂਟ, ਮੰਡਿਆਲਾ ਵਿਖੇ ਨਸ਼ਾ ਖ਼ੋਰੀ ਦੇ ਮਾੜੇ ਪ੍ਰਭਾਵਾਂ ਅਤੇ ਇਸ ਦੇ ਇਲਾਜ ਸਬੰਧੀ ਇੱਕ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ।
ਇਸ ਮੌਕੇ ਤੇ ਐੱਚ. ਪੀ. ਗੈਸ ਪਲਾਂਟ ਦੇ ਮੈਨੇਜਰ ਸ਼੍ਰੀ ਦੀਪਕ ਕੁਮਾਰ, ਸੰਚਿਤ ਕੰਸਲ ਸੇਫਟੀ ਅਫ਼ਸਰ ਰਵੀ ਕੁਮਾਰ, ਜਿਲ੍ਹਾ ਨਸ਼ਾ ਮੁਕਤੀ ਮੂੜ ਵਸੇਬਾ ਕੇਦਰ ਹੁਸ਼ਿਆਰਪੁਰ ਤੋਂ ਪ੍ਰਸ਼ਾਂਤ ਆਦਿਆਂ ਕਾਉਂਸਲਰ, ਅਮਨਦੀਪ ਤਿਵਾੜੀ, ਚਰਨਜੀਤ ਸਿੰਘ ਐਮ.ਪੀ.ਐੱਚ.ਡਬਲਊ. ਸਬ ਸੈਂਟਰ ਅਜੜਾਮ ਪੀ. ਐੱਚ. ਸੀ. ਹਾਰਟਾ ਬਡਲਾ, ਏ.ਐੱਸ.ਆਈ.ਕਸ਼ਮੀਰੀ ਲਾਲ ਚੋਂਕੀ ਨਸਰਾਲਾ, ਸੁਭਾਸ਼ ਚੰਦਰ ਵਿਸ਼ੇਸ਼ ਤੌਰ ਤੇਂ ਹਾਜ਼ਿਰ ਹੋਏ।
ਇਸ ਮੌਕੇ ਕੇਂਦਰ ਦੇ ਮਾਹਿਰ ਕਾਉਸਲਰ ਪ੍ਰਸ਼ਾਂਤ ਆਦਿਆ ਵੱਲੋਂ ਵਰਕਰਾਂ ਨੂੰ ਵੱਖ-ਵੱਖ ਕਿਸਮ ਦੇ ਨਸ਼ਿਆਂ ਕਾਰਨ ਸਰੀਰਕ, ਮਾਨਸਿਕ, ਸਮਾਜਿਕ ਅਤੇ ਆਰਥਿਕ ਪੱਧਰ 'ਤੇ ਪੈਣ ਵਾਲੇ ਨੁਕਸਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਨਸ਼ਾ ਇੱਕ ਬਿਮਾਰੀ ਹੈ ਜਿਸ ਦਾ ਸਮੇਂ ਸਿਰ ਅਤੇ ਸਹੀ ਇਲਾਜ ਸੰਭਵ ਹੈ। ਨਸ਼ੇ ਦੀ ਲਤ ਤੋਂ ਪੀੜਤ ਵਿਅਕਤੀਆਂ ਨੂੰ ਮਾਹਿਰ ਡਾਕਟਰਾਂ ਦੀ ਸਲਾਹ ਲੈ ਕੇ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ।
ਸੈਮੀਨਾਰ ਦੌਰਾਨ ਨਸ਼ਾ ਮੁਕਤੀ ਸੇਵਾਵਾਂ, ਕਾਊਂਸਲਿੰਗ, ਦਵਾਈਆਂ ਰਾਹੀਂ ਇਲਾਜ ਅਤੇ ਮੁੜ ਵਸੇਬੇ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ ਗਈ। ਭਾਗੀਦਾਰਾਂ ਨੂੰ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਲਈ ਆਪਣਾ ਯੋਗਦਾਨ ਪਾਉਣ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਸੰਦੇਸ਼ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਨਸ਼ਾ ਸਿਰਫ਼ ਸਰੀਰ ਨੂੰ ਹੀ ਨੁਕਸਾਨ ਨਹੀਂ ਪਹੁੰਚਾਉਂਦਾ, ਸਗੋਂ ਇਹ ਵਿਅਕਤੀ ਦੀ ਪੜ੍ਹਾਈ, ਰੋਜ਼ਗਾਰ, ਪਰਿਵਾਰਕ ਸੰਬੰਧਾਂ ਅਤੇ ਸਮਾਜਿਕ ਜੀਵਨ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੀ ਸਮੱਸਿਆ ਨਾਲ ਜੂਝ ਰਹੇ ਵਿਅਕਤੀਆਂ ਨਾਲ ਨਫ਼ਰਤ ਕਰਨ ਦੀ ਬਜਾਏ ਉਨ੍ਹਾਂ ਨੂੰ ਸਹੀ ਇਲਾਜ ਅਤੇ ਕਾਉਂਸਲਿੰਗ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
ਕਾਉਂਸਲਰ ਪ੍ਰਸ਼ਾਂਤ ਨੇ ਦੱਸਿਆ ਕਿ ਨਸ਼ਾ ਇੱਕ ਲੰਬੇ ਸਮੇਂ ਤੱਕ ਚੱਲਣ ਵਾਲੀ ਅਤੇ ਦੁਬਾਰਾ ਹੋ ਸਕਣ ਵਾਲੀ ਬਿਮਾਰੀ ਹੈ, ਜਿਸ ਦਾ ਇਲਾਜ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਮੁਫ਼ਤ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਟੈਲੀ-ਮਾਨਸ ਸੇਵਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਸਿਕ ਤਣਾਅ, ਚਿੰਤਾ, ਡਿਪਰੈਸ਼ਨ ਅਤੇ ਨਸ਼ੇ ਸਬੰਧੀ ਸਲਾਹ ਅਤੇ ਕਾਉਂਸਲਿੰਗ ਲਈ 24 ਘੰਟੇ ਚੱਲਣ ਵਾਲੀ ਮੁਫ਼ਤ ਹੈਲਪਲਾਈਨ 14416 ਅਤੇ 1800-89-14416 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਜਿਲ੍ਹਾ ਪੱਧਰ ’ਤੇ ਸਹਾਇਤਾ ਲਈ ਹੈਲਪਲਾਈਨ ਨੰਬਰ 85580-01882 ਉਪਲਬਧ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਵੱਲੋਂ ਜਿਲ੍ਹਾ, ਸਬ-ਡਵੀਜ਼ਨ ਅਤੇ ਸੀ.ਐੱਚ.ਸੀ. ਪੱਧਰ ’ਤੇ ਓ.ਓ.ਏ.ਟੀ. ਕਲੀਨਿਕ ਚਲਾਏ ਜਾ ਰਹੇ ਹਨ, ਜਿੱਥੇ ਮਰੀਜ਼ ਅਤੇ ਪਰਿਵਾਰ ਦੀ ਲਿਖਤੀ ਸਹਿਮਤੀ ਉਪਰੰਤ ਆਨਲਾਈਨ ਪ੍ਰਣਾਲੀ ਰਾਹੀਂ ਦਵਾਈ ਆਧਾਰਿਤ ਇਲਾਜ ਸ਼ੁਰੂ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਨੈਸ਼ਨਲ ਏਡਜ਼ ਕੰਟਰੋਲ ਪ੍ਰੋਗਰਾਮ ਅਧੀਨ ਚੱਲ ਰਹੇ ਓ.ਐੱਸ.ਟੀ. ਸੈਂਟਰਾਂ ਵਿੱਚ ਇੰਜੈਕਸ਼ਨ ਰਾਹੀਂ ਨਸ਼ਾ ਕਰਨ ਵਾਲੇ ਵਿਅਕਤੀਆਂ ਲਈ ਵਿਸ਼ੇਸ਼ ਇਲਾਜ ਅਤੇ ਸਹਾਇਤਾ ਸੇਵਾਵਾਂ ਉਪਲਬਧ ਹਨ।
ਐੱਚ.ਪੀ. ਗੈਸ ਪਲਾਂਟ ਦੇ ਪ੍ਰਬੰਧਕਾਂ ਅਤੇ ਕਰਮਚਾਰੀਆਂ ਨੇ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਨ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਕੇਂਦਰ ਦਾ ਸਟਾਫ, ਐੱਚ.ਪੀ. ਗੈਸ ਪਲਾਂਟ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਕਰਮਚਾਰੀ ਹਾਜ਼ਰ ਸਨ।
ਕੈਂਪ ਦੇ ਅੰਤ ਵਿੱਚ ਅਮਨਦੀਪ ਤਿਵਾੜੀ ਵੱਲੋ ਹਾਜ਼ਰ ਸਾਰੇ ਨੌਜਵਾਨਾਂ ਅਤੇ ਸਟਾਫ ਮੈਂਬਰਾਂ ਨੂੰ ਨਸ਼ਾ ਮੁਕਤ ਰਹਿਣ ਅਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਸਹੁੰ ਚੁਕਵਾਈ ਗਈ।
ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਵੱਲੋਂ ਐੱਚਪੀ ਗੈਸ ਪਲਾਂਟ ਮੰਡਿਆਲਾ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਆਯੋਜਿਤ
