ਬਟਾਲਾ, 4 ਨਵੰਬਰ:- ਪ੍ਰਿੰਸੀਪਲ ਪ੍ਰਭਜੋਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਹਰਪੁਰਾ ਧੰਦੋਈ ਵਿਖੇ ਆਫ਼ਤ ਪ੍ਰਬੰਧਨ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਸਿਵਲ ਡਿਫੈਂਸ ਤੋਂ ਹਰਬਖਸ਼ ਸਿੰਘ, ਵੋਕੇਸ਼ਨਲ ਟ੍ਰੇਨਰ ਇਕਬਾਲ ਸਿੰਘ, ਸਕੂਲ ਸਟਾਫ਼ ਅਤੇ ਰਾਸ਼ਟਰੀ ਹੁਨਰ ਯੋਗਤਾ ਢਾਂਚੇ (ਐਨਐਸਕਿਊਐਫ) ਅਧੀਨ 117 ਵਿਦਿਆਰਥੀਆਂ ਨੇ ਹਿੱਸਾ ਲਿਆ।

ਇਸ ਮੌਕੇ ਭਾਗੀਦਾਰਾਂ ਨੂੰ ਕੁਦਰਤੀ ਅਤੇ ਮਨੁੱਖ ਵੱਲੋਂ ਪੈਦਾ ਕੀਤੀਆਂ ਆਫ਼ਤਾਂ ਬਾਰੇ ਜਾਗਰੂਕ ਕੀਤਾ ਗਿਆ। ਦੱਸਿਆ ਗਿਆ ਕਿ ਕੁਦਰਤੀ ਆਫ਼ਤਾਂ ਮਨੁੱਖੀ ਇਤਿਹਾਸ ਜਿੰਨੀਆਂ ਹੀ ਪੁਰਾਣੀਆਂ ਹਨ। ਵਾਤਾਵਰਣ ਵਿੱਚ ਤਬਦੀਲੀਆਂ ਕਾਰਨ ਇਨ੍ਹਾਂ ਦੀ ਗਿਣਤੀ ਅਤੇ ਆਵਿਰਤੀ ਵਿੱਚ ਦਿਨੋ-ਦਿਨ ਵਾਧਾ ਹੋ ਰਿਹਾ ਹੈ। ਇਨ੍ਹਾਂ ਕਾਰਨ ਜਾਨ-ਮਾਲ ਦਾ ਹੋਣ ਵਾਲਾ ਨੁਕਸਾਨ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇਨ੍ਹਾਂ ਆਫ਼ਤਾਂ ਨੂੰ ਰੋਕਿਆ ਨਹੀਂ ਜਾ ਸਕਦਾ, ਪਰ ਇਨ੍ਹਾਂ ਨਾਲ ਹੋਣ ਵਾਲੇ ਨੁਕਸਾਨ ਨੂੰ ਜ਼ਰੂਰ ਘਟਾਇਆ ਜਾ ਸਕਦਾ ਹੈ।

ਆਫ਼ਤਾਂ ਮੁੱਖ ਤੌਰ ’ਤੇ ਦੋ ਕਿਸਮਾਂ ਦੀਆਂ ਹੁੰਦੀਆਂ ਹਨ—ਕੁਦਰਤੀ ਆਫ਼ਤਾਂ ਅਤੇ ਗੈਰ-ਕੁਦਰਤੀ ਜਾਂ ਮਨੁੱਖ ਵੱਲੋਂ ਪੈਦਾ ਕੀਤੀਆਂ ਆਫ਼ਤਾਂ। ਕੁਦਰਤੀ ਆਫ਼ਤਾਂ ਵਿੱਚ ਭੂਚਾਲ, ਜੰਗਲਾਂ ਦੀ ਅੱਗ, ਹੜ੍ਹ, ਸੁਨਾਮੀ, ਚੱਕਰਵਾਤ, ਸੋਕਾ, ਗਰਮੀ ਅਤੇ ਸਰਦੀ ਦੀਆਂ ਲਹਿਰਾਂ, ਤੂਫ਼ਾਨ, ਜਵਾਲਾਮੁਖੀ ਫਟਣਾ, ਜ਼ਮੀਨ ਖਿਸਕਣਾ ਜਾਂ ਧਸਣਾ, ਅਸਮਾਨੀ ਬਿਜਲੀ ਡਿੱਗਣਾ ਅਤੇ ਇਸ ਨਾਲ ਅੱਗ ਲੱਗਣਾ, ਅਚਾਨਕ ਹੜ੍ਹ ਅਤੇ ਗੜੇਮਾਰੀ ਆਦਿ ਸ਼ਾਮਲ ਹਨ।

ਗੈਰ-ਕੁਦਰਤੀ ਆਫ਼ਤਾਂ ਵਿੱਚ ਜੰਗ, ਸੜਕ, ਰੇਲ ਅਤੇ ਹਵਾਈ ਹਾਦਸੇ, ਅੱਗ ਲੱਗਣਾ, ਬੰਬ ਧਮਾਕੇ, ਅੱਤਵਾਦ, ਮਹਾਮਾਰੀਆਂ, ਵਾਤਾਵਰਣ ਪ੍ਰਦੂਸ਼ਣ, ਬਹੁ-ਮੰਜ਼ਿਲਾ ਇਮਾਰਤਾਂ ਦਾ ਡਿੱਗਣਾ, ਗੈਸ ਦਾ ਰਿਸਾਅ, ਜੀਵਾਣੂ ਹਮਲੇ, ਉਦਯੋਗਿਕ ਪ੍ਰਦੂਸ਼ਣ ਅਤੇ ਧੁਨੀ ਪ੍ਰਦੂਸ਼ਣ ਆਦਿ ਸ਼ਾਮਲ ਹਨ।

ਸੈਮੀਨਾਰ ਦੌਰਾਨ ਵਿਦਿਆਰਥੀਆਂ ਵੱਲੋਂ ਆਫ਼ਤਾਂ ਨਾਲ ਨਜਿੱਠਣ ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਗਏ ਅਤੇ ਉਨ੍ਹਾਂ ਨੂੰ ਸੁਰੱਖਿਆ ਦੇ ਜ਼ਰੂਰੀ ਗੁਰ ਵੀ ਸਿਖਾਏ ਗਏ। ਇਸ ਤੋਂ ਇਲਾਵਾ ਸਿਹਤ ਤੇ ਤੰਦਰੁਸਤੀ, ਅਧਿਕਾਰਾਂ, ਫ਼ਰਜ਼ਾਂ, ਨਸ਼ਿਆਂ, ਅੱਗ ਬੁਝਾਊ ਯੰਤਰਾਂ ਅਤੇ ਐਮਰਜੈਂਸੀ ਸਹਾਇਤਾ ਨੰਬਰ 112 ਬਾਰੇ ਵੀ ਜਾਗਰੂਕ ਕੀਤਾ ਗਿਆ।