ਸੰਗਰੂਰ, 27 ਜੁਲਾਈ:- ਹਲਕਾ ਸੰਗਰੂਰ ਦੀ ਵਿਧਾਇਕ ਸ਼੍ਰੀਮਤੀ ਨਰਿੰਦਰ ਕੌਰ ਭਰਾਜ ਨੇ ਅੱਜ ਪਿੰਡ ਫਤਿਹਗੜ੍ਹ ਛੰਨਾ, ਗਹਿਲਾ ਅਤੇ ਜਲਾਣ ਵਿਖੇ ਲੋਕ ਮਿਲਣੀਆਂ ਕਰਦਿਆਂ ਪਿੰਡ ਵਾਸੀਆਂ ਨਾਲ ਰੂਬਰੂ ਹੋ ਕੇ ਉਨ੍ਹਾਂ ਦੀਆਂ ਸਮੱਸਿਆਵਾਂ, ਸੁਝਾਵਾਂ ਅਤੇ ਵਿਕਾਸ ਸਬੰਧੀ ਮੰਗਾਂ ਨੂੰ ਧਿਆਨ ਨਾਲ ਸੁਣਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕ-ਪੱਖੀ ਅਤੇ ਪਾਰਦਰਸ਼ੀ ਪ੍ਰਸ਼ਾਸਨ ਲਈ ਵਚਨਬੱਧ ਹੈ ਅਤੇ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਨਾ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਉਪਲਬਧ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਲੋੜਾਂ ਅਤੇ ਤਰਜੀਹਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਕਾਸ ਯੋਜਨਾਵਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ, ਜਿਸ ਨਾਲ ਪਿੰਡਾਂ ਦੀ ਨੁਹਾਰ ਵਿੱਚ ਲਗਾਤਾਰ ਸੁਧਾਰ ਆ ਰਿਹਾ ਹੈ।
ਇਸ ਮੌਕੇ ਵਿਧਾਇਕ ਭਰਾਜ ਨੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਹੋਰ ਗਤੀ ਦੇਣ ਲਈ ਗ੍ਰਾਂਟਾਂ ਦੇ ਚੈੱਕ ਵੀ ਭੇਟ ਕੀਤੇ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਪਿੰਡਾਂ ਵਿੱਚ ਲੋੜੀਂਦੇ ਵਿਕਾਸ ਕਾਰਜਾਂ, ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਲੋਕ ਸਹੂਲਤਾਂ ਵਿੱਚ ਵਾਧਾ ਕਰਨ ਲਈ ਵਰਤੀ ਜਾਵੇਗੀ। ਉਨ੍ਹਾਂ ਭਰੋਸਾ ਦਿਵਾਇਆ ਕਿ ਹਲਕਾ ਸੰਗਰੂਰ ਦੇ ਹਰ ਪਿੰਡ ਦਾ ਵਿਕਾਸ ਬਿਨਾਂ ਕਿਸੇ ਭੇਦਭਾਵ ਦੇ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਵਿਕਾਸ ਕਾਰਜ ਇਸੇ ਰਫ਼ਤਾਰ ਨਾਲ ਜਾਰੀ ਰਹਿਣਗੇ।
ਲੋਕ ਮਿਲਣੀਆਂ ਦੌਰਾਨ ਪਿੰਡ ਵਾਸੀਆਂ ਨੇ ਆਪਣੀਆਂ ਵੱਖ-ਵੱਖ ਮੰਗਾਂ ਅਤੇ ਸਮੱਸਿਆਵਾਂ ਵਿਧਾਇਕ ਦੇ ਧਿਆਨ ਵਿੱਚ ਲਿਆਂਦੀਆਂ, ਜਿਨ੍ਹਾਂ ਦੇ ਜਲਦ ਅਤੇ ਤਰਜੀਹੀ ਅਧਾਰ 'ਤੇ ਹੱਲ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਵਿਧਾਇਕ ਨੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਇਨ੍ਹਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।
ਇਸ ਮੌਕੇ ਮਹੇਸ਼ਇੰਦਰ ਲੱਡੀ, ਜੋਗਿੰਦਰ ਸਰਪੰਚ, ਚਮਕੌਰ ਸਿੰਘ ਖੇੜੀ ਚੰਦਵਾਂ, ਬਲਾਕ ਪ੍ਰਧਾਨ ਤੇਜਵਿੰਦਰ ਸਿੰਘ, ਮਨੀ ਗਹਿਲਾ, ਸੁਖਵਿੰਦਰ ਮਾਨ, ਲਖਵਿੰਦਰ ਫੱਗੂਵਾਲ ਸਮੇਤ ਵੱਡੀ ਗਿਣਤੀ ਵਿੱਚ ਪੰਚ, ਸਰਪੰਚ, ਪਾਰਟੀ ਆਗੂ ਅਤੇ ਪਿੰਡ ਵਾਸੀ ਹਾਜ਼ਰ ਸਨ।