ਹੁਸ਼ਿਆਰਪੁਰ:- ਕੋਟ ਫਤੂਹੀ ਪਿੰਡ ਵਿੱਚ ਬੁਨਿਆਦੀ ਢਾਂਚੇ ਅਤੇ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਕਰੀਬ ₹4.52 ਕਰੋੜ ਦੇ ਵੱਖ-ਵੱਖ ਵਿਕਾਸ ਕਾਰਜ ਮੁਕੰਮਲ ਕੀਤੇ ਜਾ ਰਹੇ ਹਨ, ਜਦਕਿ ਕਈ ਕਾਰਜ ਪ੍ਰਗਤੀ ਅਧੀਨ ਹਨ ਅਤੇ ਕੁਝ ਕੰਮਾਂ ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਚੱਬੇਵਾਲ ਤੋਂ ਵਿਧਾਇਕ ਡਾ. ਈਸ਼ਾਂਕ ਕੁਮਾਰ ਨੇ ਹਾਲ ਹੀ ਵਿੱਚ ਕੋਟ ਫਤੂਹੀ ਦਾ ਦੌਰਾ ਕਰਕੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਵੱਖ-ਵੱਖ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਨਵੀਂ ਡਿਸਪੈਂਸਰੀ ਦਾ ਨੀਂਹ ਪੱਥਰ ਵੀ ਰੱਖਿਆ।
ਸੜਕੀ ਢਾਂਚੇ ਸਬੰਧੀ ਜਾਣਕਾਰੀ ਦਿੰਦਿਆਂ ਡਾ. ਈਸ਼ਾਂਕ ਕੁਮਾਰ ਨੇ ਦੱਸਿਆ ਕਿ ਕੋਟ ਫਤੂਹੀ ਅਤੇ ਆਸ-ਪਾਸ ਦੇ ਪਿੰਡਾਂ ਦੀ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਕਈ ਮਹੱਤਵਪੂਰਨ ਸੜਕ ਪ੍ਰੋਜੈਕਟ ਮੁਕੰਮਲ ਹੋ ਚੁੱਕੇ ਹਨ। ਇਨ੍ਹਾਂ ਵਿੱਚ ਮਹਿਲਪੁਰ–ਫਗਵਾੜਾ ਰੋਡ ਤੋਂ ਮੰਨਣਹਾਨਾ ਗੁਰਦੁਆਰਾ ਤੋਂ ਪੁਲ ਤੱਕ 5.18 ਕਿਲੋਮੀਟਰ ਲੰਬੀ ਕੋਟ ਫਤੂਹੀ–ਮੰਨਣਹਾਨਾ–ਚੱਕ ਮੁਸਾ ਦੱਤਾ ਚੇਲਾ ਸੜਕ ਦਾ ₹86.77 ਲੱਖ ਦੀ ਲਾਗਤ ਨਾਲ ਮੁਕੰਮਲ ਕੀਤਾ ਗਿਆ ਕੰਮ, 2.56 ਕਿਲੋਮੀਟਰ ਲੰਬੀ ਕੋਟ ਫਤੂਹੀ–ਮੰਨਣਹਾਨਾ ਸੜਕ ਦਾ ₹55.01 ਲੱਖ ਦੀ ਲਾਗਤ ਨਾਲ ਕੀਤਾ ਗਿਆ ਕੰਮ, 0.62 ਕਿਲੋਮੀਟਰ ਲੰਬੀ ਕੋਟ ਫਤੂਹੀ-ਗੜ੍ਹਸ਼ੰਕਰ–ਝੱਜ ਸੜਕ ਦਾ ₹20.48 ਲੱਖ ਦੀ ਲਾਗਤ ਨਾਲ ਮੁਕੰਮਲ ਕੰਮ ਅਤੇ 1.60 ਕਿਲੋਮੀਟਰ ਲੰਬੀ ਭਗਤੂਪੁਰ –ਕੋਟ ਫਤੂਹੀ ਸੜਕ ਦਾ ₹33.63 ਲੱਖ ਦੀ ਲਾਗਤ ਨਾਲ ਮੁਕੰਮਲ ਕੰਮ ਸ਼ਾਮਲ ਹੈ।
ਉਨ੍ਹਾਂ ਅੱਗੇ ਦੱਸਿਆ ਕਿ 4.25 ਕਿਲੋਮੀਟਰ ਲੰਬੀ ਕੋਟ ਫਤੂਹੀ–ਬੰਗਾ ਵਾਇਆ ਬਹਿਬਲਪੁਰ  ਐੱਮ.ਸੀ. ਲਿਮਟ ਤੱਕ ਸੜਕ ਦਾ ਕੰਮ ₹1.44 ਕਰੋੜ ਦੀ ਲਾਗਤ ਨਾਲ ਪ੍ਰਗਤੀ ਅਧੀਨ ਹੈ। ਇਸ ਤੋਂ ਇਲਾਵਾ 0.91 ਕਿਲੋਮੀਟਰ ਲੰਬੀ ਕੋਟ ਫਤੂਹੀ–ਪੰਚਤਾ ਤੋਂ ਅਜਨੋਹਾ ਸੜਕ ਲਈ ₹81.53 ਲੱਖ ਅਤੇ 0.76 ਕਿਲੋਮੀਟਰ ਲੰਬੀ ਕੋਟ ਫਤੂਹੀ ਗੁਰਦੁਆਰਾ ਤੋਂ  ਹਰਿਜਨ  ਬਸਤੀ ਸੜਕ ਲਈ ₹13.11 ਲੱਖ ਮਨਜ਼ੂਰ ਕੀਤੇ ਗਏ ਹਨ ਅਤੇ ਇਨ੍ਹਾਂ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ।
ਸੜਕੀ ਸੰਪਰਕ ਤੋਂ ਇਲਾਵਾ ਪਿੰਡ ਵਿੱਚ ਹੋਰ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਵੀ ਵੱਖ-ਵੱਖ ਕਾਰਜ ਕੀਤੇ ਜਾ ਰਹੇ ਹਨ। ਗਲੀਆਂ ਅਤੇ ਨਾਲੀਆਂ ਲਈ ₹2 ਲੱਖ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਜਦਕਿ ਸੀਵਰੇਜ ਲਈ ₹4.67 ਲੱਖ ਦੀ ਗ੍ਰਾਂਟ ਮਨਜ਼ੂਰ ਕੀਤੀ ਗਈ ਹੈ। ਮਾਧੋ ਨੇੜੇ ਧਰਮਸ਼ਾਲਾ ਦੀ ਛੱਤ ਲਈ ₹5 ਲੱਖ ਦੀ ਗ੍ਰਾਂਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਮਿਊਨਿਟੀ ਹਾਲ ਦੀ ਉਸਾਰੀ ਲਈ ₹5 ਲੱਖ ਅਤੇ ਪਿੰਡ ਵਿੱਚ ਸੋਲਰ ਸਟਰੀਟ ਲਾਈਟਾਂ ਲਗਾਉਣ ਲਈ ₹70 ਹਜ਼ਾਰ ਦੀ ਰਾਸ਼ੀ ਮੁਹੱਈਆ ਕਰਵਾਈ ਗਈ ਹੈ।
ਡਾ. ਈਸ਼ਾਂਕ ਕੁਮਾਰ ਨੇ ਕਿਹਾ ਕਿ ਨਵੀਂ ਡਿਸਪੈਂਸਰੀ ਦੀ ਉਸਾਰੀ ਨਾਲ ਕੋਟ ਫਤੂਹੀ ਅਤੇ ਆਸ-ਪਾਸ ਦੇ ਲੋਕਾਂ ਨੂੰ ਆਪਣੇ ਨੇੜੇ ਹੀ ਮੁੱਢਲੀਆਂ ਸਿਹਤ ਸਹੂਲਤਾਂ ਮਿਲ ਸਕਣਗੀਆਂ। ਉਨ੍ਹਾਂ ਕਿਹਾ ਕਿ ਪਿੰਡਾਂ ਦਾ ਸੰਤੁਲਿਤ ਵਿਕਾਸ ਯਕੀਨੀ ਬਣਾਉਣ ਲਈ ਸੜਕਾਂ, ਗਲੀਆਂ-ਨਾਲੀਆਂ, ਸੀਵਰੇਜ, ਸਿਹਤ ਸਹੂਲਤਾਂ ਅਤੇ ਹੋਰ ਜਨਤਕ ਸਹੂਲਤਾਂ ਨੂੰ ਮਜ਼ਬੂਤ ਕਰਨ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਲੋਕਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੀਆਂ ਜਾਇਜ਼ ਵਿਕਾਸ ਸਬੰਧੀ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾ ਰਿਹਾ ਹੈ ਅਤੇ ਕੋਸ਼ਿਸ਼ ਹੈ ਕਿ ਵਿਕਾਸ ਦੇ ਲਾਭ ਹਲਕੇ ਦੇ ਹਰ ਵਰਗ ਤੱਕ ਪਹੁੰਚਣ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਡਾ. ਵਿਪਨ ਪੰਚਨੰਗਲ , ਸੰਮਤੀ ਮੈਂਬਰ ਸੁਖਵਿੰਦਰ ਕੌਰ, ਬਲਾਕ ਪ੍ਰਧਾਨ ਕੁਸ਼ਵ ਕਰਨ, ਮਲਕੀਤ ਰਾਮ ਸੋਨੂੰ, ਗੁਰਮੇਲ ਸਿੰਘ ਅਟਵਾਲ, ਦਰਸ਼ਨਾ ਦੇਵੀ, ਗੁਰਮੇਲ ਸਿੰਘ, ਬਲਕਾਰ ਸਿੰਘ, ਸੰਦੀਪ ਸਿੰਘ ਕਲੂਪੁਰ, ਪੰਚ ਵੰਦਨਾ ਦੇਵੀ, ਪੰਚ ਜਸਵਿੰਦਰ ਕੌਰ ਸਮੇਤ ਹੋਰ ਪਤਵੰਤੇ ਪਿੰਡ ਵਾਸੀ ਹਾਜ਼ਰ ਸਨ।