ਤਰਨ ਤਾਰਨ,12 ਦਸੰਬਰ: ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ 'ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਇੱਥੇ ਬਲਾਕ ਸੰਮਤੀ ਦੀ ਉਮੀਦਵਾਰ ਪ੍ਰੋ. ਪਰਮਜੀਤ ਕੌਰ ਦੇ ਹੱਕ ਵਿੱਚ ਜਥੇਦਾਰ ਸਤਨਾਮ ਸਿੰਘ ਚੋਹਲਾ ਵਲੋਂ ਰੱਖੇ ਗਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਸਥਾਨਕ ਲੀਡਰਸ਼ਿਪ 'ਤੇ ਗੰਭੀਰ ਦੋਸ਼ ਲਗਾਉਂਦਿਆਂ ਸਖ਼ਤ ਅਲੋਚਨਾ ਕੀਤੀ। 
ਬ੍ਰਹਮਪੁਰਾ ਨੇ ਸਿੱਧਾ ਹਮਲਾ ਬੋਲਦਿਆਂ ਕਿਹਾ ਕਿ 'ਆਪ' ਵਿਧਾਇਕਾਂ ਦੇ ਤਾਰ ਬਾਰਡਰ ਪਾਰ ਬੈਠੇ ਤਸਕਰਾਂ ਨਾਲ ਜੁੜੇ ਹੋਏ ਹਨ, ਜਿਸ ਕਾਰਨ ਪੰਜਾਬ ਦੀ ਜਵਾਨੀ ਦਾ ਬੇੜਾ ਗਰਕ ਹੋ ਰਿਹਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਰੰਗਲੇ ਪੰਜਾਬ ਦੇ ਦਾਅਵਿਆਂ ਦੀ ਫ਼ੂਕ ਨਿਕਲ ਚੁੱਕੀ ਹੈ। ਉਨ੍ਹਾਂ ਖਡੂਰ ਸਾਹਿਬ ਦੇ 'ਆਪ' ਵਿਧਾਇਕ 'ਤੇ ਵਰ੍ਹਦਿਆਂ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਇੱਕ ਸਜ਼ਾਯਾਫਤਾ ਵਿਅਕਤੀ ਨੂੰ ਸਮੁੱਚੀ ਆਮ ਆਦਮੀ ਪਾਰਟੀ ਬਚਾ ਰਹੀ ਹੈ। 
ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਵਿਧਾਨ ਸਭਾ ਨੇ ਖੁਦ ਮੰਨ ਲਿਆ ਹੈ ਕਿ ਉਹ ਹੁਣ ਵਿਧਾਇਕ ਨਹੀਂ ਰਿਹਾ, ਤਾਂ ਫ਼ਿਰ ਉਸ ਕੋਲ ਸਰਕਾਰੀ ਸਹੂਲਤਾਂ ਕਿਉਂ ਹਨ?ਸ੍ਰ. ਬ੍ਰਹਮਪੁਰਾ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਮਜਬੂਰ ਕਰਾਂਗੇ ਕਿ ਉਕਤ ਸਜ਼ਾਯਾਫਤਾ ਵਿਧਾਇਕ ਕੋਲੋਂ ਚੰਡੀਗੜ੍ਹ ਦੇ ਸੈਕਟਰ 4 ਸਥਿਤ ਫ਼ਲੈਟ ਨੰਬਰ 38 ਨੂੰ ਤੁਰੰਤ ਖਾਲੀ ਕਰਵਾਇਆ ਜਾਵੇ। ਉਨ੍ਹਾਂ ਮੰਗ ਕੀਤੀ ਕਿ ਵਿਧਾਇਕਾਂ ਦੀ ਰੂਲ ਬੁੱਕ ਦੇ ਹਿਸਾਬ ਨਾਲ ਬਣਦਾ ਜੁਰਮਾਨਾ ਵੀ ਏਸਟੇਟ ਅਫ਼ਸਰ ਰਾਹੀਂ ਉਸ ਕੋਲੋਂ ਵਸੂਲਿਆ ਜਾਣਾ ਚਾਹੀਦਾ ਹੈ। 
ਉਨ੍ਹਾਂ ਤੰਜ ਕੱਸਦਿਆਂ ਕਿਹਾ ਕਿ ਇਹ ਵਿਧਾਇਕ ਕਾਨੂੰਨ ਦਾ ਸਾਹਮਣਾ ਕਰਨ ਅਤੇ ਜੇਲ੍ਹ ਜਾਣ ਦੀ ਬਜਾਏ, ਜਾਣਬੁੱਝ ਕੇ ਬਿਮਾਰੀ ਦਾ ਬਹਾਨਾ ਲਗਾ ਕੇ ਹਸਪਤਾਲ ਵਿੱਚ ਲੁਕਿਆ ਬੈਠਾ ਹੈ, ਜੋ ਕਿ ਲੋਕਤੰਤਰ ਦਾ ਮਜ਼ਾਕ ਹੈ।ਰੈਲੀ ਦੌਰਾਨ ਸੁਰੱਖਿਆ ਪ੍ਰਬੰਧਾਂ 'ਤੇ ਬੋਲਦਿਆਂ ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣ ਕਮਿਸ਼ਨ ਅਤੇ ਨਵੇਂ ਆਏ ਪੁਲਿਸ ਅਬਜ਼ਰਵਰ ਸ੍ਰ. ਗੁਰਪ੍ਰੀਤ ਸਿੰਘ (ਆਈਪੀਐਸ) ਤੱਕ ਪਹੁੰਚ ਕਰਨ ਤੋਂ ਬਾਅਦ ਪ੍ਰਸ਼ਾਸਨ ਨੂੰ ਅੱਜ ਇੱਥੇ ਭਾਰੀ ਫੋਰਸ ਅਤੇ ਕਮਾਂਡੋ ਤੈਨਾਤ ਕਰਨੇ ਪਏ ਹਨ, ਜਿਸ ਨਾਲ ਵਿਰੋਧੀਆਂ ਦੇ ਸ਼ਰਾਰਤੀ ਮਨਸੂਬੇ ਪੂਰੀ ਤਰ੍ਹਾਂ ਫੇਲ੍ਹ ਹੋ ਗਏ ਹਨ। 
ਇਸ ਮੌਕੇ ਉਨ੍ਹਾਂ ਹਲਕੇ ਦੇ ਸਤਿਕਾਰਤ ਆਗੂ ਜਥੇ: ਸਤਨਾਮ ਸਿੰਘ ਚੋਹਲਾ ਦੀ ਪੰਥਕ ਸੇਵਾ ਅਤੇ ਮਜ਼ਬੂਤ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਜਰਨੈਲਾਂ ਕਾਰਨ ਹੀ ਅਕਾਲੀ ਦਲ ਚੜ੍ਹਦੀ ਕਲਾ ਵਿੱਚ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ 14 ਤਾਰੀਖ ਨੂੰ ਪੜ੍ਹੀ-ਲਿਖੀ ਉਮੀਦਵਾਰ ਪ੍ਰੋ. ਪਰਮਜੀਤ ਕੌਰ ਨੂੰ ਜਿਤਾ ਕੇ ਇਸ ਗੁੰਡਾਗਰਦੀ ਵਾਲੀ ਸਰਕਾਰ ਨੂੰ ਕਰਾਰਾ ਜਵਾਬ ਦਿੱਤਾ ਜਾਵੇ। 
ਇਸ ਮੌਕੇ ਹੋਰਨਾਂ ਤੋਂ ਇਲਾਵਾ , ਉਮੀਦਵਾਰ ਪ੍ਰੋ. ਪਰਮਜੀਤ ਕੌਰ,  ਡਾ. ਜਤਿੰਦਰ ਸਿੰਘ, ਮਨਜਿੰਦਰ ਸਿੰਘ ਲਾਟੀ, ਗੁਰਦਿਆਲ ਸਿੰਘ ਸੈਕਟਰੀ, ਸਾਧਾ ਸਿੰਘ ਪ੍ਰਧਾਨ, ਹਰਜਿੰਦਰ ਸਿੰਘ ਬਾਦਸ਼ਾਹ, ਦਿਲਬਰ ਸਿੰਘ, ਸੂਬੇਦਾਰ ਹਰਬੰਸ ਸਿੰਘ, ਸੁਖਦੇਵ ਅਤੇ ਨਿੱਕਾ ਚੋਹਲਾ, ਜਗਰੂਪ ਸਿੰਘ ਪੱਖੋਪੁਰ, ਗੁਰਿੰਦਰ ਸਿੰਘ ਚੋਹਲਾ ਖੁਰਦ, ਸਿਮਰਨਜੀਤ ਸਿੰਘ ਕਾਕੂ (ਪੀਏ) ਅਤੇ ਅਕਾਲੀ ਵਰਕਰਾਂ ਦੇ ਭਾਰੀ ਇਕੱਠ ਸਮੇਤ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ।