ਰਾਹੋਂ:- ਜੋਤ ਸੋਸ਼ਲ ਅਵੇਅਰਨੈੱਸ ਐਂਡ ਵੈੱਲਫੇਅਰ ਸੁਸਾਇਟੀ ਦੇ ਚੀਫ ਵਲੰਟੀਅਰ ਹਰਸ਼ਦੀਪ ਉਆਣ ਨੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਅਤੇ ਕਾਰਜ ਸਾਧਕ ਅਫਸਰ ਨਗਰ ਕੌਂਸਲ ਰਾਹੋਂ ਨੂੰ ਲਿਖਤੀ ਰੂਪ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੁੱਗ ਪਲਟਾਊ ਰਹਿਬਰ, ਸਾਹਿਬ-ਏ-ਕਮਾਲ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ ਮਿਤੀ 01 ਫ਼ਰਵਰੀ 2026 ਨੂੰ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸੱਚਖੰਡ ਸਾਹਿਬ ਮੁਹੱਲਾ ਸਰਾਫਾਂ ਰਾਹੋਂ ਵਿਖੇ  ਸਮੂਹ ਸੰਗਤਾਂ ਵੱਲੋਂ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ। 
ਗੁਰਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਕਰੀਬ ਡੇਢ ਹਫਤਾ ਪਹਿਲਾਂ ਆਰੰਭ ਹੋਣਗੀਆ ਅਤੇ ਵਿਸ਼ਾਲ ਨਗਰ ਕੀਰਤਨ 31 ਜਨਵਰੀ 2026 ਨੂੰ ਹੋਵੇਗਾ। ਅਗਲੇ ਦਿਨ 01 ਫ਼ਰਵਰੀ 2026 ਨੂੰ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਅਤੇ ਸ਼ਬਦ ਕੀਰਤਨ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ।ਹਰਸ਼ਦੀਪ ਨੇ ਦੱਸਿਆ ਕਿ ਇਸ ਸਮੇਂ ਰਾਹੋਂ ਸ਼ਹਿਰ ਵਿੱਚ ਵਿਕਾਸ ਕਾਰਜਾਂ ਦੇ ਚੱਲਦਿਆਂ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਵਲੋਂ ਸੜਕਾਂ ਦੀ ਪੁਟਾਈ ਕੀਤੀ ਜਾ ਰਹੀ ਹੈ ਅਤੇ ਪਾਈਪ ਲਾਈਨਾਂ ਪਾਈਆਂ ਜਾ ਰਹੀਆਂ ਹਨ। 
ਉਨ੍ਹਾਂ ਚਿੰਤਾ ਪ੍ਰਗਟਾਈ ਕਿ ਜੇਕਰ ਇਹ ਵਿਕਾਸ ਕਾਰਜ ਸਮੇਂ ਸਿਰ ਪੂਰੇ ਨਹੀਂ ਹੁੰਦੇ ਤਾਂ ਸੜਕਾਂ ਵਿੱਚ ਪੁਟਾਈ ਤੋਂ ਇਲਾਵਾ ਮਟੀਰੀਅਲ ਅਤੇ ਮਲਬੇ ਕਚਰੇ ਦੇ ਢੇਰ ਲੱਗੇ ਰਹਿਣਗੇ। ਜਿਸ ਕਾਰਨ ਜਿੱਥੇ ਸ਼ਹਿਰ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਉੱਥੇ ਗੁਰਪੁਰਬ ਦੇ ਕਾਰਜ ਵੀ ਪ੍ਰਭਾਵਿਤ ਹੋਣਗੇ ਅਤੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ। 
ਉਨ੍ਹਾਂ ਪੁਰਜ਼ੋਰ ਮੰਗ ਕੀਤੀ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੇ ਮੱਦੇ ਨਜ਼ਰ ਰਾਹੋਂ ਸ਼ਹਿਰ ਵਿੱਚ ਚੱਲਦੇ ਸਮੁੱਚੇ ਵਿਕਾਸ ਕਾਰਜਾਂ ਨੂੰ ਜਿੰਨਾ ਜਲਦੀ ਹੋ ਸਕੇ ਢੁੱਕਵੇਂ ਸਮੇਂ ਦੇ ਅੰਦਰ ਅੰਦਰ ਮੁਕੰਮਲ ਕਰਵਾਇਆ ਜਾਵੇ।