ਹੁਸ਼ਿਆਰਪੁਰ:- ਪ੍ਰਮੁੱਖ ਜਨ ਕਲਿਆਣ ਚੈਰੀਟੇਬਲ ਟਰੱਸਟ, ਪਾਲਨਪੁਰ (ਜ਼ਿਲ੍ਹਾ ਬਨਾਸਕਾਂਠਾ, ਗੁਜਰਾਤ) ਦੇ ਇੱਕ ਵਫ਼ਦ ਨੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨਾਲ ਮੁਲਾਕਾਤ ਕਰਕੇ ਗੜ੍ਹਸ਼ੰਕਰ ਤਹਿਸੀਲ ਦੇ ਪਿੰਡ ਚੱਕਰੋਹਤਾ ਵਿੱਚ ਪਿਛਲੇ ਕਰੀਬ 30–35 ਸਾਲਾਂ ਤੋਂ ਰਹਿ ਰਹੇ ਨਟ-ਮਦਾਰੀ ਭਾਈਚਾਰੇ ਦੇ ਪਰਿਵਾਰਾਂ ਨੂੰ ਜਾਤੀ ਸਰਟੀਫਿਕੇਟ ਜਾਰੀ ਕਰਨ ਲਈ ਵਿਸ਼ੇਸ਼ ਕੈਂਪ ਲਗਾਉਣ ਦੀ ਮੰਗ ਕੀਤੀ।
ਵਫ਼ਦ ਨੇ ਖੰਨਾ ਨੂੰ ਦੱਸਿਆ ਕਿ ਨਟ-ਮਦਾਰੀ ਭਾਈਚਾਰਾ ਵਿਮੁਕਤ ਅਤੇ ਘੁੰਮੰਤੂ ਜਨਜਾਤੀਆਂ (ਐੱਨ.ਟੀ.-ਡੀ.ਐੱਨ.ਟੀ.) ਨਾਲ ਸਬੰਧਿਤ ਹੈ, ਜਿਸ ਦੇ ਮੈਂਬਰ ਗੁਜਰਾਤ, ਮਹਾਰਾਸ਼ਟਰ, ਰਾਜਸਥਾਨ, ਪੰਜਾਬ, ਹਰਿਆਣਾ, ਦਿੱਲੀ ਅਤੇ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਰਹਿੰਦੇ ਹਨ। ਇਹ ਭਾਈਚਾਰਾ ਰਵਾਇਤੀ ਤੌਰ 'ਤੇ ਜੜੀ-ਬੂਟੀਆਂ, ਦੇਸੀ ਦਵਾਈਆਂ ਅਤੇ ਪੁਰਖਿਆਂ ਤੋਂ ਮਿਲੇ ਪਰੰਪਰਾਗਤ ਇਲਾਜ ਦੇ ਗਿਆਨ ਰਾਹੀਂ ਆਪਣਾ ਜੀਵਨ-ਨਿਰਵਾਹ ਕਰਦਾ ਆ ਰਿਹਾ ਹੈ।
ਵਫ਼ਦ ਨੇ ਦੱਸਿਆ ਕਿ ਭਾਈਚਾਰੇ ਦੇ ਕਈ ਪਰਿਵਾਰ ਸਾਲਾਂ ਤੋਂ ਪੰਜਾਬ ਵਿੱਚ ਰਹਿ ਰਹੇ ਹਨ, ਪਰ ਜਾਤੀ ਸਰਟੀਫਿਕੇਟ ਨਾ ਹੋਣ ਕਾਰਨ ਉਹ ਆਪਣੀ ਸਮਾਜਿਕ ਪਛਾਣ ਸਥਾਪਿਤ ਕਰਨ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਯੋਜਨਾਵਾਂ ਦਾ ਲਾਭ ਲੈਣ ਤੋਂ ਵਾਂਝੇ ਹਨ। ਇਸ ਲਈ ਯੋਗ ਪਰਿਵਾਰਾਂ ਨੂੰ ਜਾਤੀ ਸਰਟੀਫਿਕੇਟ ਜਾਰੀ ਕਰਨਾ ਬਹੁਤ ਜ਼ਰੂਰੀ ਹੈ।
ਪ੍ਰਮੁੱਖ ਜਨ ਕਲਿਆਣ ਚੈਰੀਟੇਬਲ ਟਰੱਸਟ ਨੇ ਇਸ ਸਬੰਧੀ ਅਵਿਨਾਸ਼ ਰਾਏ ਖੰਨਾ ਨੂੰ ਮੰਗ ਪੱਤਰ ਸੌਂਪਦਿਆਂ ਅਪੀਲ ਕੀਤੀ ਕਿ ਸੰਬੰਧਿਤ ਸਰਕਾਰਾਂ ਅਤੇ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਵਿਸ਼ੇਸ਼ ਕੈਂਪ ਲਗਾਏ ਜਾਣ, ਤਾਂ ਜੋ ਨਟ-ਮਦਾਰੀ ਭਾਈਚਾਰੇ ਦੇ ਯੋਗ ਪਰਿਵਾਰਾਂ ਨੂੰ ਜਾਤੀ ਸਰਟੀਫਿਕੇਟ ਜਾਰੀ ਕੀਤੇ ਜਾ ਸਕਣ। ਇਸ ਮੌਕੇ ਐੱਸ.ਪੀ. ਦੀਵਾਨ ਵੀ ਹਾਜ਼ਰ ਸਨ।