ਅੰਬਾਲਾ, 3 ਜੂਨ- ਲੰਘੇ ਮਈ ਮਹੀਨੇ ਦੌਰਾਨ ਅੰਬਾਲਾ ਛਾਉਣੀ ਸਿਵਲ ਹਸਪਤਾਲ ਦੇ ਮੈਟਰਨਿਟੀ ਵਿੰਗ ਧੀਆਂ ਦੀਆਂ ਕਿਲਕਾਰੀਆਂ ਨਾਲ ਗੂੰਜਿਆ। ਅੰਕੜਿਆਂ ਅਨੁਸਾਰ ਮਈ ਮਹੀਨੇ ਵਿੱਚ ਇਸ ਹਸਪਤਾਲ ਵਿੱਚ ਮੁੰਡਿਆਂ ਨਾਲੋਂ ਕੁੜੀਆਂ ਵੱਧ ਪੈਦਾ ਹੋਈਆਂ ਹਨ ਜਿਸ ਤੋਂ ਪਤਾ ਲਗਦਾ ਹੈ ਕਿ ਖੇਤਰ ਵਿੱਚ ਲਿੰਗ ਅਨੁਪਾਤ ਵਿੱਚ ਸੁਧਾਰ ਹੋਇਆ ਹੈ ਅਤੇ "ਬੇਟੀ ਬਚਾਓ, ਬੇਟੀ ਪੜ੍ਹਾਓ" ਮੁਹਿੰਮ ਵੀ ਜ਼ਮੀਨੀ ਪੱਧਰ ਤੇ ਸਫਲ ਹੁੰਦੀ ਜਾਪਦੀ ਹੈ। 
ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੀ ਪੀਐਮਓ ਡਾ. ਪੂਜਾ ਪੇਂਟਲ ਨੇ ਦੱਸਿਆ ਕਿ ਜਣੇਪੇ ਲਈ ਹਸਪਤਾਲ ਆਉਣ ਵਾਲੀਆਂ ਔਰਤਾਂ ਨੂੰ ਜਣੇਪਾ ਵਿਭਾਗ ਵਿੱਚ ਹਰ ਤਰ੍ਹਾਂ ਦੀਆਂ ਆਧੁਨਿਕ ਅਤੇ ਐਮਰਜੈਂਸੀ ਡਾਕਟਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੇ ਸ਼ਾਨਦਾਰ ਯਤਨਾਂ ਕਾਰਨ ਸੁਰੱਖਿਅਤ ਜਣੇਪੇ ਦੀ ਦਰ ਲਗਾਤਾਰ ਵਧ ਰਹੀ ਹੈ ਅਤੇ ਇਸ ਸਾਲ ਕੁੜੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਵੱਧ ਗਈ ਹੈ।
ਹਸਪਤਾਲ ਦੀ ਐਸਐਮਓ ਡਾ. ਰਚਨਾ ਬਾਂਸਲ ਨੇ ਜਣੇਪਾ ਵਿਭਾਗ ਦੇ ਕੰਮਕਾਜ ਬਾਰੇ  ਦੱਸਿਆ ਕਿ ਹਸਪਤਾਲ ਦਾ ਗਾਇਨਾਕੌਲੋਜੀ ਵਾਰਡ ਪੂਰੀ ਤਰ੍ਹਾਂ ਲੈਸ ਹੈ ਜਿੱਥੇ ਆਮ ਜਣੇਪੇ ਅਤੇ ਗੁੰਝਲਦਾਰ ਸਥਿਤੀਆਂ ਵਿੱਚ ਸਿਜੇਰੀਅਨ ਸੈਕਸ਼ਨ (ਐਲਐਸਸੀਐਸ) ਬਹੁਤ ਕੁਸ਼ਲਤਾ ਨਾਲ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਮਾਂ ਅਤੇ ਬੱਚੇ ਦੀ ਸਿਹਤ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸਰਕਾਰੀ ਨਿਯਮਾਂ ਅਨੁਸਾਰ ਸਿਵਲ ਹਸਪਤਾਲ ਵਿੱਚ ਹਰ ਜਣੇਪੇ ਤੋਂ ਬਾਅਦ ਮਾਂ ਅਤੇ ਬੱਚੇ ਦੀ ਬਿਹਤਰ ਸਿਹਤ ਲਈ ਔਰਤਾਂ ਨੂੰ ਉਨ੍ਹਾਂ ਦੇ ਹਸਪਤਾਲ ਵਿੱਚ ਰਹਿਣ ਦੌਰਾਨ ਪ੍ਰਤੀ ਦਿਨ 100 ਰੁਪਏ ਦੀ ਵਿਸ਼ੇਸ਼ ਪੌਸ਼ਟਿਕ ਖ਼ੁਰਾਕ ਦਿੱਤੀ ਜਾਂਦੀ ਹੈ। 
ਅਕਾਦਮਿਕ ਅਤੇ ਬੁਨਿਆਦੀ ਢਾਂਚੇ ਵਿੱਚ ਸੁਧਾਰਾਂ ਤੋਂ ਬਾਅਦ ਅੰਬਾਲਾ ਛਾਉਣੀ ਦਾ ਇਹ ਸਿਵਲ ਹਸਪਤਾਲ ਹੁਣ ਖੇਤਰ ਵਿੱਚ ਜਣੇਪੇ ਲਈ ਪਹਿਲੀ ਪਸੰਦ ਬਣ ਰਿਹਾ ਹੈ। ਹਸਪਤਾਲ ਪ੍ਰਸ਼ਾਸਨ ਦੇ ਅਨੁਸਾਰ ਮੁਫ਼ਤ ਦਵਾਈਆਂ, ਮੁਫ਼ਤ ਟੈੱਸਟਾਂ, ਵਿਸ਼ੇਸ਼ ਨਵਜੰਮੇ ਬੱਚਿਆਂ ਦੀ ਨਰਸਰੀ (SNCU) ਅਤੇ ਸਰਕਾਰੀ ਵਿੱਤੀ ਉਤਸ਼ਾਹ ਕਰਕੇ ਗਰਭਵਤੀ ਔਰਤਾਂ ਦੇ ਪਰਿਵਾਰ ਹੁਣ ਨਿੱਜੀ ਹਸਪਤਾਲਾਂ ਦੁਆਰਾ ਦਿੱਤੇ ਜਾਂਦੇ ਮਹਿੰਗੇ ਇਲਾਜ ਦੇ ਮੁਕਾਬਲੇ ਸਰਕਾਰੀ ਹਸਪਤਾਲ 'ਤੇ ਵੱਧ ਭਰੋਸਾ ਕਰ ਰਹੇ ਹਨ। ਮਈ ਮਹੀਨੇ ਦੇ ਇਹ ਉਤਸ਼ਾਹਜਨਕ ਅੰਕੜੇ ਨਾ ਸਿਰਫ਼ ਸਿਹਤ ਵਿਭਾਗ ਦੀ ਚੌਕਸੀ ਨੂੰ ਦਰਸਾਉਂਦੇ ਹਨ ਬਲਕਿ ਸਮਾਜ ਵਿੱਚ ਧੀਆਂ ਪ੍ਰਤੀ ਬਦਲਦੇ ਸਕਾਰਾਤਮਿਕ ਰਵੱਈਏ ਦਾ ਵੀ ਇੱਕ ਮਹੱਤਵਪੂਰਨ ਪ੍ਰਮਾਣ ਹਨ।
ਸੂਤਰਾਂ ਅਨੁਸਾਰ ਮਈ ਮਹੀਨੇ ਲੜਕਿਆਂ ਨਾਲੋਂ ਕੇਵਲ 2 ਲੜਕੀਆਂ ਵੱਧ ਪੈਦਾ ਹੋਈਆਂ ਹਨ। ਸੂਤਰਾਂ ਦੱਸਿਆ ਕਿ ਮਈ ਮਹੀਂਨੇ 39 ਲੜਕੇ ਅਤੇ 41 ਲੜਕੀਆਂ ਪੈਦਾ ਹੋਈਆਂ ਹਨ।