ਪਟਿਆਲ਼ਾ, 5 ਅਗਸਤ:- ਸਾਬਕਾ ਮੰਤਰੀ ਤੇ ਸਮਾਣਾ ਹਲਕੇ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਪੰਜਾਬ ਵਿਧਾਨ ਸਭਾ 'ਚ ਜ਼ੋਰਦਾਰ ਮੰਗ ਕੀਤੀ ਹੈ ਕਿ ਪਿੰਡ ਦੂਧੜ ਦੇ ਤਜਵੀਜ਼ਤ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਨੂੰ ਬਦਲ ਕੇ ਕਿਸੇ ਹੋਰ ਸਥਾਨ 'ਤੇ ਤਬਦੀਲ ਕੀਤਾ ਜਾਵੇ ਕਿਉਂਕਿ ਪਿੰਡ ਦੂਧੜ ਤੇ ਇਸਦੇ ਆਲੇ ਦੁਆਲੇ ਦੇ ਕਈ ਹੋਰ ਪਿੰਡ ਪਹਿਲਾਂ ਹੀ ਕਈ ਸਮੱਸਿਆਵਾਂ ਨਾਲ ਜੂਝ ਰਹੇ ਹਨ।
 ਜਿਨ੍ਹਾਂ ਵਿਚ ਮੈਣ ਦੀ ਸ਼ਰਾਬ ਫੈਕਟਰੀ ਦੇ ਬਦਬੂਦਾਰ ਗੰਦੇ ਪਾਣੀ ਦੀ ਮਾਰ ਸ਼ਾਮਲ ਹੈ। ਇਸ ਪ੍ਰਸਤਾਵਿਤ ਪ੍ਰੋਜੈਕਟ ਵਿਰੁੱਧ ਡਟੀ ਹੋਈ ਡੰਪ ਵਿਰੋਧੀ ਐਕਸ਼ਨ ਕਮੇਟੀ ਨੇ ਇਸ ਪ੍ਰੋਜੈਕਟ ਵਿਰੁੱਧ ਵਿਧਾਨ ਸਭਾ ਵਿੱਚ ਆਪਣੀ ਆਵਾਜ਼ ਉਠਾਉਣ ਲਈ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦਾ ਧੰਨਵਾਦ ਕੀਤਾ ਹੈ। 
ਕਮੇਟੀ ਨੇ ਕਿਹਾ ਹੈ ਕਿ ਇਲਾਕੇ ਦੇ ਲੋਕ ਲੰਮੇ ਸਮੇਂ ਤੋਂ ਇਸ ਪ੍ਰੋਜੈਕਟ ਦਾ ਸ਼ਾਂਤਮਈ ਅਤੇ ਲੋਕਤਾਂਤਰਿਕ ਢੰਗ ਨਾਲ ਵਿਰੋਧ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਵਾਤਾਵਰਣ, ਸਿਹਤ, ਖੇਤੀਬਾੜੀ ਅਤੇ ਭਵਿੱਖ ਦੀਆਂ ਪੀੜ੍ਹੀਆਂ ’ਤੇ ਪੈਣ ਵਾਲੇ ਸੰਭਾਵਿਤ ਪ੍ਰਭਾਵਾਂ ਦੀ ਚਿੰਤਾ ਹੈ। ਅਜਿਹੇ ਸਮੇਂ ਵਿੱਚ ਸਾਡੀ ਆਵਾਜ਼ ਨੂੰ ਪੰਜਾਬ ਦੀ ਸਭ ਤੋਂ ਵੱਡੀ ਲੋਕਤਾਂਤਰਿਕ ਸੰਸਥਾ ਵਿਧਾਨ ਸਭਾ ਵਿੱਚ ਪਹੁੰਚਾਉਣਾ ਇਲਾਕੇ ਦੇ ਲੋਕਾਂ ਲਈ ਹੌਸਲਾ ਵਧਾਉਣ ਵਾਲਾ ਕਦਮ ਹੈ।
ਕਮੇਟੀ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ  ਜਾਇਜ਼ ਮੰਗ ਦਾ ਸਨਮਾਨ ਕਰੇਗੀ ਅਤੇ ਇਸ ਮੁੱਦੇ ਦਾ ਨਿਰਪੱਖ ਤੇ ਲੋਕ-ਹਿੱਤ ਵਿੱਚ ਹੱਲ ਕੱਢੇਗੀ।