ਜੈਂਤੀਪਰ:- ਇੱਥੇ ਅੱਡਾ ਗੋਪਾਲਪੁਰਾ ਨੇੜੇ ਅੰਮ੍ਰਿਤਸਰ ਪਠਾਨਕੋਟ ਮੁੱਖ ਮਾਰਗ ’ਤੇ ਇੱਕ ਪ੍ਰਾਈਵੇਟ ਬੱਸ ਤੇ ਟਿੱਪਰ ਟਰੱਕ ਦੀ ਟੱਕਰ ਹੋ ਗਈ ਜਿਸ ਕਾਰਨ 10 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 30 ਤੋਂ ਵੱਧ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ।
ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਬੱਸ ਡਰਾਈਵਰ ਤੇ ਇੱਕ 15 ਸਾਲਾ ਬੱਚਾ ਵੀ ਸ਼ਾਮਲ ਹੈ। ਸਾਰੇ ਮ੍ਰਿਤਕਾਂ ਦੀ ਪਛਾਣ ਹਾਲੇ ਨਹੀਂ ਹੋ ਸਕੀ ਹੈ। ਚਸ਼ਮਦੀਦਾਂ ਮੁਤਾਬਕ ਐਚਐਸ ਪ੍ਰੀਮਿਕਸ ਕੰਪਨੀ ਦਾ ਟਿੱਪਰ ਆਪਣੇ ਡੰਪ ਵੱਲ ਬਿਨਾਂ ਕਿਸੇ ਸੰਕੇਤ ਦੇ ਮੁੜ ਗਿਆ। ਇਸ ਦੌਰਾਨ ਪਠਾਨਕੋਟ ਤੋਂ ਅੰਮ੍ਰਿਤਸਰ ਵੱਲ ਆ ਰਹੀ ਏਬੀਟੀਸੀ ਕੰਪਨੀ ਦੀ ਪ੍ਰਾਈਵੇਟ ਬੱਸ (ਨੰਬਰ PB-02-CC-6780) ਤੇਜ਼ ਰਫ਼ਤਾਰ ਨਾਲ ਆਉਂਦੀ ਹੋਈ ਟਿੱਪਰ ਨਾਲ ਸਿੱਧੀ ਟਕਰਾ ਗਈ। 
ਟਰੱਕ ਤੇ ਬੱਸ ਦੀ ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦੀਆਂ ਅੰਦਰਲੀਆਂ ਸਾਰੀਆਂ ਸੀਟਾਂ ਵੀ ਉਖੜ ਗਈਆਂ ਤੇ ਬੱਸ ਦਾ ਅਗਲਾ ਹਿੱਸਾ ਵੀ ਸਾਰਾ ਨੁਕਸਾਨਿਆ ਗਿਆ। ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪੁਲੀਸ ਤੇ ਐਂਬੂਲੈਂਸ ਟੀਮਾਂ ਪਹੁੰਚ ਗਈਆਂ ਤੇ ਪੁਲੀਸ ਵੱਲੋਂ ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਭੇਜਿਆ ਗਿਆ। 
ਪੁਲੀਸ ਵਲੋਂ ਦੋਵੇਂ ਵਾਹਨ ਵੀ ਜ਼ਬਤ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।