ਜੈਤੋ,6 ਮ‌ਈ:- ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ ਦੇ ਗ੍ਰਹਿ ਨਿਵਾਸ ਰਾਮਪੁਰਾ ਵਿਖੇ ਪੱਛਮੀ ਬੰਗਾਲ, ਅਸਾਮ ਅਤੇ ਪੁਡੁਚੇਰੀ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਾਪਤ ਕੀਤੀ ਗਈ ਇਤਿਹਾਸਿਕ ਜਿੱਤ ਦੀ ਖੁਸ਼ੀ ਵੱਡੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਭਾਰਤੀ ਜਨਤਾ ਪਾਰਟੀ ਹਲਕਾ ਮੌੜ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਇਕੱਠੇ ਹੋ ਕੇ ਮੂੰਹ ਮਿੱਠਾ ਕਰਵਾ ਕੇ ਇਕ-ਦੂਜੇ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਜਿੱਤ ਦੀ ਖੁਸ਼ੀ ਸਾਂਝੀ ਕੀਤੀ ਗਈ। ਸਮਾਗਮ ਦੌਰਾਨ ਪੂਰਾ ਮਾਹੌਲ ਖੁਸ਼ੀ ਅਤੇ ਜੋਸ਼ ਨਾਲ ਭਰਪੂਰ ਰਿਹਾ।
ਇਸ ਮੌਕੇ ਸਰਦਾਰ ਜਗਦੀਪ ਸਿੰਘ ਨਕਈ ਜੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਜਿੱਤ ਸਿਰਫ ਭਾਜਪਾ ਦੀ ਨਹੀਂ, ਸਗੋਂ ਦੇਸ਼ ਦੇ ਲੋਕਾਂ ਦੇ ਭਰੋਸੇ ਅਤੇ ਵਿਕਾਸਪ੍ਰਧ ਨੀਤੀਆਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਦੂਰਦਰਸ਼ੀ ਸੋਚ ਅਤੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦੀ ਮਜ਼ਬੂਤ ਨੇਤ੍ਰਤਾ ਹੇਠ ਪਾਰਟੀ ਨੇ ਦਿਨ-ਰਾਤ ਮਿਹਨਤ ਕਰਕੇ ਇਹ ਉਪਲਬਧੀ ਹਾਸਲ ਕੀਤੀ ਹੈ। 
ਉਨ੍ਹਾਂ ਹੋਰ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਨੇ ਅਸਾਮ ਵਿੱਚ ਲਗਭਗ 60 ਤੋਂ ਵੱਧ ਸੀਟਾਂ ਜਿੱਤ ਕੇ ਦੁਬਾਰਾ ਸਰਕਾਰ ਬਣਾਈ ਹੈ, ਜਦਕਿ ਪੁਡੁਚੇਰੀ ਵਿੱਚ ਐਨ.ਡੀ.ਏ. ਗਠਜੋੜ ਨੇ ਸਪਸ਼ਟ ਬਹੁਮਤ ਨਾਲ ਸਰਕਾਰ ਬਣਾਈ ਹੈ। ਪੱਛਮੀ ਬੰਗਾਲ ਵਿੱਚ ਵੀ ਭਾਜਪਾ ਨੇ ਪਹਿਲਾਂ ਨਾਲੋਂ ਕਈ ਗੁਣਾ ਵੱਧ, ਕਰੀਬ 206 ਤੋਂ ਉੱਪਰ ਸੀਟਾਂ ਜਿੱਤ ਕੇ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਈ ਹੈ, ਜੋ ਪਾਰਟੀ ਲਈ ਵੱਡੀ ਉਪਲਬਧੀ ਹੈ। 
ਉਨ੍ਹਾਂ ਕਿਹਾ ਕਿ ਇਹ ਜਿੱਤ ਹਰ ਇਕ ਵਰਕਰ ਦੀ ਮਿਹਨਤ ਦਾ ਨਤੀਜਾ ਹੈ, ਜਿਨ੍ਹਾਂ ਨੇ ਦਿਨ-ਰਾਤ ਇਕ ਕਰਕੇ ਲੋਕਾਂ ਤੱਕ ਪਾਰਟੀ ਦੀਆਂ ਨੀਤੀਆਂ ਪਹੁੰਚਾਈਆਂ। ਅੰਤ ਵਿੱਚ ਉਨ੍ਹਾਂ ਕਿਹਾ ਕਿ ਹੁਣ ਅਗਲੀ ਵਾਰੀ ਪੰਜਾਬ ਦੀ ਹੈ ਅਤੇ ਭਾਜਪਾ ਵਰਕਰਾਂ ਦੀ ਮਿਹਨਤ ਨਾਲ ਪੰਜਾਬ ਵਿੱਚ ਵੀ ਇਤਿਹਾਸਕ ਜਿੱਤ ਦਰਜ ਕੀਤੀ ਜਾਵੇਗੀ।ਸਮਾਗਮ ਦੇ ਅੰਤ ਵਿੱਚ ਸਾਰੇ ਵਰਕਰਾਂ ਨੇ ਇਕੱਠੇ ਹੋ ਕੇ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਅਤੇ ਭਵਿੱਖ ਵਿੱਚ ਹੋਰ ਵੱਡੀਆਂ ਜਿੱਤਾਂ ਲਈ ਪ੍ਰਣ ਲਿਆ। 
ਇਸ ਮੌਕੇ ਜਿਲ੍ਹਾ ਜਨਰਲ ਸਕੱਤਰ ਮੇਜਰ ਸਿੰਘ ਬਰਾੜ, ਮੰਡਲ ਪ੍ਰਧਾਨ ਰਾਮਪੁਰਾ ਸਰਬਜੀਤ ਸਿੰਘ ਜੇਠੂਕੇ, ਰਾਜਪਾਲ ਸਿੰਘ ਰਾਜੂ, ਜਸਵੀਰ ਸਿੰਘ, ਜਗਸੀਰ ਸਿੰਘ ਬੁੱਗਰ, ਮੇਜਰ ਸਿੰਘ, ਜਸਪ੍ਰੀਤ ਸਿੰਘ ਚੋਟੀਆਂ, ਲਖਵੀਰ ਸਿੰਘ ਬੁਰਜ਼ ਮਾਨਸਾਹੀਆ, ਸਤਪਾਲ ਸਿੰਘ ਪਾਲਾ, ਸੰਦੀਪ ਸਿੰਘ ਲਹਿਮਬਰ ਸਮੇਤ ਹੋਰ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ। ਸਾਰੇ ਵਰਕਰਾਂ ਨੇ ਭਾਜਪਾ ਦੀ ਜਿੱਤ ਨੂੰ ਇਤਿਹਾਸਿਕ ਦੱਸਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਅੱਗੇ ਵੀ ਇਸੇ ਤਰ੍ਹਾਂ ਮਿਹਨਤ ਕਰਨ ਦਾ ਸੰਕਲਪ ਲਿਆ।