ਪਟਨਾ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਭਾਜਪਾ ਨੂੰ ਲੰਮੇ ਹੱਥੀਂ ਲੈਂਦਿਆਂ ਇਸ ’ਤੇ ‘ਵੋਟ ਚੋਰੀ’ ਅਤੇ ਫਿਰਕੂ ਧਰੁਵੀਕਰਨ ਦਾ ਦੋਸ਼ ਲਗਾਇਆ। ਖੜਗੇ ਨੇ ਜ਼ੋਰ ਦੇ ਕੇ ਕਿਹਾ ਕਿ ਬਿਹਾਰ ਵਿਧਾਨ ਸਭਾ ਚੋਣਾਂ ਮੋਦੀ ਸਰਕਾਰ ਦੇ ‘ਭ੍ਰਿਸ਼ਟ ਸ਼ਾਸਨ’ ਦੇ ਅੰਤ ਦੀ ਸ਼ੁਰੂਆਤ ਹੋਣਗੀਆਂ। ਇੱਥੇ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦੀ ਮੀਟਿੰਗ ਵਿੱਚ ਆਪਣੀ ਸ਼ੁਰੂਆਤੀ ਟਿੱਪਣੀ ਵਿੱਚ ਖੜਗੇ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਹਾਲੀਆ ਬਿਆਨਾਂ ਅਤੇ ਕਾਰਵਾਈਆਂ ਦਾ ਸਪੱਸ਼ਟ ਹਵਾਲਾ ਵੀ ਦਿੱਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਿਆ।
ਖੜਗੇ ਨੇ ਕਿਹਾ, ‘‘ਕੌਮਾਂਤਰੀ ਪੱਧਰ ’ਤੇ ਸਾਡੀਆਂ ਸਮੱਸਿਆਵਾਂ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦੀ ਕੂਟਨੀਤਕ ਅਸਫਲਤਾ ਦਾ ਨਤੀਜਾ ਹਨ। ਜਿਨ੍ਹਾਂ ਦੋਸਤਾਂ ਨੂੰ ਪ੍ਰਧਾਨ ਮੰਤਰੀ ‘ਮੇਰੇ ਦੋਸਤ’ ਕਹਿ ਕੇ ਮਾਣ ਕਰਦੇ ਹਨ, ਉਹ ਅੱਜ ਭਾਰਤ ਨੂੰ ਕਈ ਮੁਸੀਬਤਾਂ ਵਿੱਚ ਪਾ ਰਹੇ ਹਨ।’’ 
ਕਾਂਗਰਸ ਪ੍ਰਧਾਨ ਨੇ ਕਿਹਾ, ‘‘ਅੱਜ, ਜਦੋਂ ਸਾਡੀ ਵੋਟਰ ਸੂਚੀ ਨਾਲ ਅਧਿਕਾਰਤ ਤੌਰ ’ਤੇ ਛੇੜਛਾੜ ਕੀਤੀ ਜਾ ਰਹੀ ਹੈ, ਤਾਂ ਇਹ ਜ਼ਰੂਰੀ ਹੈ ਕਿ ਅਸੀਂ ਲੋਕਤੰਤਰ ਦੀ ਮਾਂ ਬਿਹਾਰ ਵਿੱਚ ਆਪਣੀ ਵਿਸਤ੍ਰਿਤ CWC ਮੀਟਿੰਗ ਕਰੀਏ ਅਤੇ ਇਸ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਈਏ।’’
ਖੜਗੇ ਨੇ ਜ਼ੋਰ ਦੇ ਕੇ ਆਖਿਆ ਕਿ ਲੋਕਤੰਤਰ ਦੀ ਨੀਂਹ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਹਨ। ਉਨ੍ਹਾਂ ਕਿਹਾ ਕਿ ਅੱਜ ਚੋਣ ਕਮਿਸ਼ਨ ਦੀ ਨਿਰਪੱਖਤਾ ਅਤੇ ਪਾਰਦਰਸ਼ਤਾ ਬਾਰੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਖੜਗੇ ਨੇ ਕਿਹਾ ਕਿ ਵੱਖ-ਵੱਖ ਰਾਜਾਂ ਤੋਂ ਹੋਏ ਖੁਲਾਸਿਆਂ ਬਾਰੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ, ਚੋਣ ਕਮਿਸ਼ਨ ਸਾਡੇ ਤੋਂ ਹਲਫ਼ਨਾਮੇ ਦੀ ਮੰਗ ਕਰ ਰਿਹਾ ਹੈ। ਖੜਗੇ ਨੇ ਬਿਹਾਰ ਵਿਚ SIR ਦੇ ਹਵਾਲੇ ਨਾਲ ਕਿਹਾ ਕਿ ਬਿਹਾਰ ਦੀ ਮਿਸਾਲ ਤੋਂ ਬਾਅਦ, ਹੁਣ ਦੇਸ਼ ਭਰ ਵਿੱਚ ਲੱਖਾਂ ਲੋਕਾਂ ਦੀਆਂ ਵੋਟਾਂ ਨੂੰ ਹਟਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।