ਐੱਸ.ਏ.ਐੱਸ.ਨਗਰ, 27 ਜੁਲਾਈ, 2025: ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਹੁਣ ਜ਼ਿਲ੍ਹੇ ਦੇ ਸਾਰੇ 40 ਆਮ ਆਦਮੀ ਕਲੀਨਿਕਾਂ ਵਿਚ ਵੀ ਐਂਟੀ ਰੇਬੀਜ਼ ਵੈਕਸੀਨ ਉਪਲਭਧ ਕਰਵਾ ਦਿਤੀ ਗਈ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਦਿਸ਼ਾ ਵਿਚ ਪੁਲਾਂਘ ਪੁੱਟਦਿਆਂ ਆਮ ਆਦਮੀ ਕਲੀਨਿਕਾਂ ਵਿਚ ਕਈ ਨਵੀਆਂ ਸਹੂਲਤਾਂ ਦੇਣੀਆਂ ਸ਼ੁਰੂ ਕਰ ਦਿਤੀਆਂ ਗਈਆਂ ਹਨ।
ਜਦਕਿ ਬਾਕੀ ਸਰਕਾਰੀ ਸਿਹਤ ਸੰਸਥਾਵਾਂ ਵਿਚ ਇਹ ਵੈਕਸੀਨ ਪਹਿਲਾਂ ਹੀ ਉਪਲਭਧ ਹੈ। ਉਨ੍ਹਾਂ ਦਸਿਆ ਕਿ ਜਾਨਵਰਾਂ ਦੇ ਵੱਢਣ ਦੇ ਪਹਿਲੇ ਦਿਨ, ਤੀਜੇ ਦਿਨ, ਸੱਤਵੇਂ ਤੇ 28ਵੇਂ ਦਿਨ ਟੀਕਾਕਰਨ ਬਹੁਤ ਜ਼ਰੂਰੀ ਹੈ। ਜ਼ਿਲ੍ਹੇ ਦੇ ਸਾਰੇ ਆਮ ਆਦਮੀ ਕਲੀਨਿਕਾਂ 'ਤੇ ਰੇਬੀਜ਼ ਦਾ ਇਲਾਜ ਬਿਲਕੁਲ ਮੁਫ਼ਤ ਹੈ।
ਐਂਟੀ-ਰੇਬੀਜ਼ ਵੈਕਸੀਨ (ਏ.ਆਰ.ਵੀ.) ਰੇਬੀਜ਼ ਨੂੰ ਰੋਕਦੀ ਹੈ। ਉਨ੍ਹਾਂ ਦਸਿਆ ਕਿ ਰੇਬੀਜ਼ ਜਾਂ ਹਲਕਾਅ ਦਾ ਇਹ ਰੋਗ 100 ਫੀਸਦੀ ਜਾਨਲੇਵਾ ਪਰ 100 ਫੀਸਦੀ ਰੋਕਥਾਮਯੋਗ ਹੈ ਜੇ ਜਲਦੀ ਇਲਾਜ ਕੀਤਾ ਜਾਵੇ। ਕਲੀਨਿਕਾਂ ਵਿੱਚ ਲੋੜੀਂਦੇ ਟੀਕੇ ਦਾ ਪੂਰਾ ਭੰਡਾਰ ਅਤੇ ਸਿਖਲਾਈ ਪ੍ਰਾਪਤ ਮੈਡੀਕਲ ਸਟਾਫ ਤਾਇਨਾਤ ਹੈ ਤਾਂ ਜੋ ਸੁਚਾਰੂ, ਤੇਜ਼ ਅਤੇ ਪ੍ਰਭਾਵਸ਼ਾਲੀ ਇਲਾਜ ਯਕੀਨੀ ਬਣਾਇਆ ਜਾ ਸਕੇ।
ਡਾ. ਜੈਨ ਨੇ ਦਸਿਆ ਕਿ ਆਮ ਤੌਰ ‘ਤੇ ਇਹ ਸਮਝਿਆ ਜਾਂਦਾ ਹੈ ਕਿ ਰੇਬੀਜ਼ ਸਿਰਫ ਕੁੱਤੇ ਦੇ ਵੱਢਣ ਨਾਲ ਫੈਲ ਸਕਦਾ ਹੈ। ਹਾਲਾਂਕਿ ਇਸ ਦੇ ਉਲਟ, ਇਹ ਬਿਮਾਰੀ ਕੁੱਤਿਆਂ ਤੱਕ ਹੀ ਸੀਮਿਤ ਨਹੀਂ, ਸਗੋਂ ਇਹ ਬਿੱਲੀਆਂ, ਬਾਂਦਰਾਂ, ਬੱਕਰੀਆਂ, ਚਮਗਿੱਦੜਾਂ ਸਮੇਤ ਵੱਖ-ਵੱਖ ਜਾਨਵਰਾਂ ਦੇ ਕੱਟਣ ਨਾਲ ਹੋ ਸਕਦੀ ਹੈ। ਇਹ ਵਾਇਰਸ ਸੰਕ੍ਰਮਿਤ ਜਾਨਵਰਾਂ ਦੀ ਲਾਰ ਵਿੱਚ ਰਹਿੰਦਾ ਹੈ ਅਤੇ ਜਾਨਵਰਾਂ ਦੇ ਕੱਟਣ ਜਾਂ ਜ਼ਖ਼ਮਾਂ ਰਾਹੀਂ ਮਨੁੱਖਾਂ ਵਿੱਚ ਦਾਖਲ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਕਿਸੇ ਜਾਨਵਰ ਨੇ ਕੱਟ ਲਿਆ ਹੈ ਜਾਂ ਤੁਹਾਨੂੰ ਰੇਬੀਜ਼ ਦੇ ਸੰਕ੍ਰਮਣ ਦਾ ਸ਼ੱਕ ਹੈ ਤਾਂ ਤੁਰੰਤ ਡਾਕਟਰੀ ਸਹਾਇਤਾ ਲਓ ਅਤੇ ਰੇਬੀਜ਼ ਦਾ ਟੀਕਾ ਲਗਵਾਓ। ਉਨ੍ਹਾਂ ਆਮ ਲੋਕਾਂ ਨੂੰ ਦੇਸੀ-ਨੁਸਖ਼ਿਆਂ ਦੀ ਬਜਾਏ ਸਹੀ ਇਲਾਜ ਕਰਵਾਉਣ ਦੀ ਸਲਾਹ ਦਿੰਦੇ ਕਿਹਾ ਕਿ ਕੁੱਤੇ ਜਾਂ ਕਿਸੇ ਹੋਰ ਜਾਨਵਰ ਦੇ ਕੱਟਣ ’ਤੇ ਜ਼ਖਮ ’ਤੇ ਮਿਰਚਾਂ ਆਦਿ ਨਹੀਂ ਲਗਾਉਣੀਆਂ ਚਾਹੀਦੀਆਂ। ਅਜਿਹਾ ਕਰਨ ਨਾਲ ਬਿਮਾਰੀ ਘਾਤਕ ਹੋ ਸਕਦੀ ਹੈ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਨੇ ਆਪਣੇ ਘਰਾਂ ਵਿਚ ਪਾਲਤੂ ਕੁੱਤੇ ਰੱਖੇ ਹੋਏ ਹਨ, ਉਹ ਉਨ੍ਹਾਂ ਦਾ ਟੀਕਾਕਰਨ ਜ਼ਰੂਰ ਕਰਵਾਉਣ ਤਾਂ ਜੋ ਕੁੱਤੇ ਦੇ ਕੱਟਣ 'ਤੇ ਲੋਕਾਂ ਨੂੰ ਹਲਕਾਅ ਦੀ ਬਿਮਾਰੀ ਤੋਂ ਬਚਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਰੇਬੀਜ਼ ਤੋਂ ਬਚਣ ਦਾ ਤਰੀਕਾ ਸਿਰਫ਼ ਇਸਦੀ ਰੋਕਥਾਮ ਹੀ ਹੈ।
- ਰੇਬੀਜ਼ ਦੀਆਂ ਨਿਸ਼ਾਨੀਆਂ ਅਤੇ ਲੱਛਣ:
ਰੇਬੀਜ਼ ਦੇ ਸ਼ੁਰੂਆਤੀ ਲੱਛਣਾਂ ਵਿੱਚ ਬੁਖਾਰ, ਸਿਰ ਦਰਦ, ਘਬਰਾਹਟ, ਉਲਟੀਆਂ ਅਤੇ ਆਮ ਕਮਜ਼ੋਰੀ ਹੋ ਸਕਦੇ ਹਨ। ਜਿਉਂ-ਜਿਉਂ ਇਹ ਵਾਇਰਸ ਫੈਲਦਾ ਹੈ ਤਾਂ ਹੋਰ ਲੱਛਣ ਪੈਦਾ ਹੋਣ ਲੱਗਦੇ ਹਨ ਜਿਵੇਂ ਉਲਝਣ, ਬੇਚੈਨੀ ,ਆਵਾਜ਼ ਅਤੇ ਪਾਣੀ ਤੋਂ ਡਰ ਲੱਗਣਾ, ਦੰਦਲਾ ਪੈਣੀਆਂ, ਭਰਮ, ਨਿਗਲਣ ਵਿੱਚ ਮੁਸ਼ਕਲ, ਬਹੁਤ ਜ਼ਿਆਦਾ ਲਾਰ, ਅਧਰੰਗ ਅਤੇ ਅੰਤ ਵਿੱਚ ਮੌਤ।
- ਰੇਬੀਜ਼ ਤੋਂ ਬਚਾਅ ਦੇ ਕਦਮ:
ਕੋਈ ਵੀ ਜਾਨਵਰ ਜੋ ਬਿਮਾਰ ਜਾਂ ਜ਼ਖਮੀ ਦਿਖਾਈ ਦਿੰਦਾ ਹੈ, ਦੇ ਸੰਪਰਕ ‘ਚ ਆਉਣ ਤੋਂ ਬਚੋ।
- ਆਪਣੇ ਪਾਲਤੂ ਜਾਨਵਰਾਂ ਨੂੰ ਨਿਯਮਿਤ ਤੌਰ 'ਤੇ ਰੇਬੀਜ਼ ਦੇ ਟੀਕੇ ਲਵਾਓ।
– ਅਵਾਰਾ ਪਸ਼ੂਆਂ ਨੂੰ ਨਾ ਛੂਹੋ।
ਜਾਨਵਰਾਂ ਦੇ ਕੱਟਣ ਵਾਲੀ ਥਾਂ ਨੂੰ ਤੁਰੰਤ ਸਾਬਣ ਅਤੇ ਪਾਣੀ ਨਾਲ ਘੱਟੋ-ਘੱਟ 15 ਮਿੰਟ ਧੋਵੋ।
