ਐਸ. ਏ. ਐਸ. ਨਗਰ, 19 ਅਕਤੂਬਰ - ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ। ਪਾਰਟੀ ਦੇ ਮੁਹਾਲੀ ਹਲਕੇ ਦੇ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਪਾਰਟੀ ਦੇ ਮੁਹਾਲੀ ਸ਼ਹਿਰੀ ਜਥੇ ਦੀ ਭਰਵੀਂ ਮੀਟਿੰਗ ਹੋਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੀਆਂ 21 ਅਕਤੂਬਰ ਤੋਂ ਬਣਨ ਵਾਲੀਆਂ ਵੋਟਾਂ ਸਬੰਧੀ ਫ਼ਾਰਮ ਵੰਡੇ ਗਏ ਅਤੇ ਘਰੋ-ਘਰੀ ਜਾ ਕੇ ਵੋਟਾਂ ਵੋਟਰਾਂ ਤੱਕ ਫ਼ਾਰਮ ਪਹੁੰਚਾਉਣ ਲਈ ਵਿਉਂਤਬੰਦੀ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲਈ ਕੋਈ ਵੀ ਯੋਗ ਵੋਟਰ, ਵੋਟ ਬਣਨ ਤੋਂ ਬਿਨ੍ਹਾਂ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਨਿੱਜੀ ਦਿਲਚਸਪੀ ਲੈ ਕੇ ਵੋਟਾਂ ਦੇ ਫ਼ਾਰਮ ਵੋਟਰਾਂ ਤੱਕ ਪਹੁੰਚਾਣ ਤੇ ਉਨ੍ਹਾਂ ਨੂੰ ਵੋਟਾਂ ਬਣਾਉਣ ਲਈ ਜਾਗਰੂਕ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਚੁਣੇ ਜਾਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਹਾਕਿਆਂ ਤੋਂ ਇਸ ਸੰਸਥਾ ਰਾਹੀਂ ਵਡਮੁੱਲੀ ਸੇਵਾ ਨਿਭਾ ਰਹੇ ਹਨ।
ਉਨ੍ਹਾਂ ਕਿਹਾ ਕਿ ਹਰ ਚੋਣ ਵਿੱਚ ਪੰਥ ਵਿਰੋਧੀ ਧਿਰਾਂ ਪੰਥਕ ਮਖੌਟੇ ਪਹਿਨ ਕੇ ਇਨ੍ਹਾਂ ਚੋਣਾਂ ਵਿੱਚ ਸਿੱਧੇ ਤੇ ਅਸਿੱਧੇ ਤੌਰ ਤੇ ਦਖ਼ਲ ਅੰਦਾਜ਼ੀ ਕਰਦੀਆਂ ਹਨ ਪਰ ਸਿੱਖ ਸੰਗਤ ਹਮੇਸ਼ਾ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਇਹ ਸੇਵਾ ਬਖ਼ਸ਼ਦੀ ਹੈ।
ਇਸ ਇਕੱਤਰਤਾ ਨੂੰ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਮਲਜੀਤ ਸਿੰਘ ਰੂਬੀ, ਹਰਮਨਪ੍ਰੀਤ ਸਿੰਘ ਪ੍ਰਿੰਸ, ਕਰਮ ਸਿੰਘ ਬਬਰਾ, ਮਨਜੀਤ ਸਿੰਘ ਮਾਨ, ਅਜੇਪਾਲ ਸਿੰਘ ਮਿੱਡੂਖੇੜਾ, ਜਗਦੀਸ਼ ਸਿੰਘ ਸਰਾਓ, ਗੁਰਚਰਨ ਸਿੰਘ ਨੰਨੜਾ, ਐਡਵੋਕੇਟ ਗਗਨਦੀਪ ਬੈਦਵਾਣ , ਮਨਜੀਤ ਸਿੰਘ ਲੁਬਾਣਾ, ਗੁਰਚਰਨ ਸਿੰਘ ਚੋਚੀ, ਤਰਸੇਮ ਸਿੰਘ ਗੰਧੋਂ, ਹਰਮਿੰਦਰ ਸਿੰਘ ਪੱਤੋਂ, ਨੰਬਰਦਾਰ ਹਰਵਿੰਦਰ ਸਿੰਘ ਸੋਹਾਣਾ, ਜਗਤਾਰ ਸਿੰਘ, ਸਰਦਾਰਾ ਸਿੰਘ, ਹਰਪਾਲ ਸਿੰਘ ਬਰਾੜ, ਰਸ਼ਪਾਲ ਸਿੰਘ, ਮੱਖਣ ਸਿੰਘ ਸੈਣੀ, ਸ਼ਵਿੰਦਰ ਸਿੰਘ ਲੱਖੋਵਾਲ, ਅਵਤਾਰ ਸਿੰਘ ਦਾਊਂ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵੱਖ-ਵੱਖ ਵਾਰਡਾਂ ਵਿੱਚ ਵੋਟਰ ਫ਼ਾਰਮ ਵੰਡਣ ਅਤੇ ਵੋਟਾਂ ਬਣਾਉਣ ਲਈ ਡਿਊਟੀਆਂ ਵੀ ਲਗਾਈਆਂ ਗਈਆਂ।