ਪਟਿਆਲਾ- ਹੜਾਂ ਮਗਰੋਂ, ਹੁਣ ਬਿਮਾਰੀਆਂ ਫੈਲਣ ਤੋਂ ਰੋਕਣ, ਸੱਪਾਂ ਅਤੇ ਦੂਜੇ ਕੀੜੇ ਮਕੌੜਿਆ, ਜਾਨਵਰਾਂ ਦੇ ਕੱਟਣ ਮਗਰੋਂ, ਪੀੜਤਾਂ ਨੂੰ ਬਚਾਉਣ ਲਈ ਹਰੇਕ ਵਿਦਿਆਰਥੀ, ਅਧਿਆਪਕ, ਨਾਗਰਿਕ ਅਤੇ ਮਾਪਿਆਂ ਨੂੰ ਬੇਸਿਕ ਫਸਟ ਏਡ, ਸੀ ਪੀ ਆਰ ਅਤੇ ਜਾਨਵਰਾਂ ਜਾਂ ਸੱਪਾਂ ਦੇ ਕੱਟਣ ਤੇ ਪੀੜਤਾਂ ਦੀ ਮੌਕੇ ਤੇ ਠੀਕ ਸਹਾਇਤਾ ਕਰਨ ਦਾ ਗਿਆਨ ਹੋਣਾ ਜ਼ਰੂਰੀ ਹੈ, ਇਹ ਵਿਚਾਰ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ, ਅਤੇ ਸਿਵਲ ਸਰਜਨ ਪਟਿਆਲਾ ਵਲੋਂ ਵਾਰ ਵਾਰ ਪ੍ਰਗਟ ਕੀਤੇ ਜਾ ਰਹੇ ਹਨ। ਜਿਸ ਹਿੱਤ ਵਿਦਿਆਰਥੀਆਂ, ਅਧਿਆਪਕਾਂ, ਨਾਗਰਿਕਾਂ ਨੂੰ ਟ੍ਰੇਨਿੰਗਾਂ ਜ਼ਰੂਰ ਕਰਵਾਈਆ ਜਾਣ। 
ਇਹ ਜਾਣਕਾਰੀ ਅਧਾਰਸ਼ਿਲਾ ਪਬਲਿਕ ਹਾਈ ਸਕੂਲ ਵਿਖੇ ਵਿਦਿਆਰਥੀਆਂ ਨੂੰ ਦਿੰਦੇ ਹੋਏ, ਸ਼੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ, ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਅਤੇ ਪੁਲਿਸ ਅਫਸਰ ਰਾਮ ਸਰਨ ਆਵਾਜਾਈ ਸਿੱਖਿਆ ਸੈਲ ਨੇ ਦੱਸਿਆ ਕਿ ਬਿਮਾਰੀਆਂ ਤੋਂ ਬਚਣ ਲਈ, ਘਰ ਪਰਿਵਾਰਾਂ, ਸ਼ਰੀਰ ਅਤੇ ਸਾਮਾਨ ਦੀ ਸਫ਼ਾਈ, ਸਵੱਛਤਾ ਰੱਖੋ, ਘਰਾਂ ਵਿੱਚ ਤਿਆਰ ਗਰਮ ਭੋਜਨ, ਉਬਲਿਆ ਹੋਇਆ ਪਾਣੀ, ਤਾਜ਼ੇ ਸਾਫ ਫਲ, ਸਬਜ਼ੀਆਂ ਲੈਣੀਆਂ ਜ਼ਰੂਰੀ ਹਨ। ਬਜ਼ਾਰੂ ਖਾਣ ਪੀਣ ਦੀਆਂ ਚੀਜ਼ਾਂ ਨਾਲ ਹੈਜ਼ਾ ਡਾਇਰੀਆ ਹੋ ਸਕਦਾ ਹੈ। 
ਉਨ੍ਹਾਂ ਨੇ ਕਿਹਾ ਕਿ ਸੰਸਾਰ ਵਿਚ ਬਿਮਾਰੀਆਂ ਫੈਲਾਉਣ ਅਤੇ ਲੋਕਾਂ ਨੂੰ ਮਾਰਨ ਲਈ ਮੱਛਰਾਂ ਤੋਂ ਵੱਧ ਕੋਈ ਪਸ਼ੂ ਪੰਛੀ ਜੀਵ ਖਤਰਨਾਕ ਨਹੀਂ। ਸੱਪ ਤੋਂ ਬਚਣ, ਡੰਗ ਮਾਰਨ ਤੇ ਫਸਟ ਏਡ ਅਤੇ ਕੁੱਤਿਆਂ , ਬਿੱਲੀਆਂ, ਬਾਂਦਰ, ਨਿਉਲਾ, ਗਾਂ, ਆਵਾਰਾਂ ਪਸ਼ੂਆਂ, ਘੋੜੇ, ਚਮਗਿੱਦੜ, ਆਦਿ ਦੇ ਕੱਟਣ, ਚੱਟਣ ਜਾਂ ਉਨ੍ਹਾਂ ਦੇ ਮੂੰਹ ਵਿੱਚੋ ਨਿਕਲਕੇ ਲਗੀ ਝੰਗ ਕਾਰਨ ਪੀੜਤਾਂ ਨੂੰ ਹਲਕਾਅ ਜਾਂ ਰੈਬਿਜ ਤੋਂ ਬਚਾਉਣ ਦੀ ਜਾਣਕਾਰੀ ਦਿੱਤੀ। 
ਉਨ੍ਹਾਂ ਨੇ ਦੱਸਿਆ ਕਿ ਜਾਨਵਰਾਂ ਦੇ ਕੱਟਣ, ਚੱਟਣ ਮਗਰੋਂ ਤੁਰੰਤ ਚਮੜੀ ਨੂੰ ਸਾਫ ਪਾਣੀ, ਸਾਬਣ ਨਾਲ 10 ਵਾਰ ਸਾਫ ਕਰਨਾ ਚਾਹੀਦਾ। ਜਖਮ ਤੇ ਪੱਟੀ ਨਾ ਬੰਨੋਂ, ਜ਼ਹਿਰ ਚੁਸਣ ਦੀ ਕੋਸ਼ਿਸ਼ ਨਾ ਕਰੋ, ਜ਼ਖ਼ਮ ਵਾਲੀ ਥਾਂ ਤੇ ਕੱਟ ਲਗਾਉਣ ਦੀ ਕੋਸ਼ਿਸ਼ ਨਾ ਕਰੋ, ਮਿਰਚਾਂ ਦੀ ਵਰਤੋਂ ਨਾ ਕਰੋ, ਪੀੜਤਾਂ ਨੂੰ ਤੁਰੰਤ ਠੀਕ ਫਸਟ ਏਡ ਕਰਕੇ, ਨੇੜੇ ਦੇ ਹਸਪਤਾਲ ਵਿਖੇ, ਐਂਬੂਲੈਂਸ ਜਾਂ ਆਪਣੀ ਵ੍ਹੀਕਲ ਰਾਹੀਂ ਲੈਕੇ ਜਾਣਾ ਚਾਹੀਦਾ ਪਰ ਪੀੜਤਾਂ ਨੂੰ ਚਲਣ ਨਹੀਂ ਦੇਣਾ।
 ਡਾਕਟਰਾਂ ਦੀ ਸਲਾਹ ਅਨੁਸਾਰ ਇਲਾਜ ਕਰਵਾਉਣਾ ਜ਼ਰੂਰੀ ਹੈ।‌ ਡਾਇਰੈਕਟਰ ਸ੍ਰੀ ਬੀ ਛਾਬੜਾ ਅਤੇ ਪ੍ਰਿੰਸੀਪਲ ਮਨਜੀਤ ਕੌਰ ਬੜੈਚ ਨੇ ਸਿਹਤ ਮੰਤਰੀ ਜੀ, ਸਿਵਲ ਸਰਜਨ ਪਟਿਆਲਾ ਅਤੇ ਕਾਕਾ ਰਾਮ ਵਰਮਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜ਼ਿੰਦਗੀਆਂ ਬਚਾਉ ਦੀ ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ ਦੀਆਂ ਟ੍ਰੇਨਿੰਗਾਂ, ਹਰ ਵਿਦਿਆਰਥੀ, ਅਧਿਆਪਕ, ਨਾਗਰਿਕ ਅਤੇ ਘਰ ਪਰਿਵਾਰਾਂ ਤੱਕ ਪਹੁੰਚਣੀ ਚਾਹੀਦੀ ਹੈ।