ਪੁਣੇ/ਮੁੰਬਈ:- ਮਹਾਰਾਸ਼ਟਰ ਦੇ ਪਿੰਪਰੀ ਚਿੰਚਵੜ ਇਲਾਕੇ ਵਿੱਚ ਕਥਿਤ ਤੌਰ ’ਤੇ ਜ਼ਹਿਰੀਲੀ (ਨਕਲੀ) ਸ਼ਰਾਬ ਪੀਣ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਪਿਛਲੇ 24 ਘੰਟਿਆਂ ਦਰਮਿਆਨ ਪੁਣੇ ਸ਼ਹਿਰ ਵਿੱਚ ਵੀ ਅਜਿਹੇ ਹੀ ਮਾਮਲੇ ਵਿੱਚ ਤਿੰਨ ਹੋਰ ਵਿਅਕਤੀਆਂ ਦੀ ਸ਼ੱਕੀ ਹਾਲਤ ਵਿੱਚ ਮੌਤ ਹੋਣ ਦੀ ਖ਼ਬਰ ਹੈ। ਇਸ ਦੁਖਦਾਈ ਘਟਨਾ ਤੋਂ ਬਾਅਦ ਪ੍ਰਸ਼ਾਸਨ ਅਤੇ ਪੁਲੀਸ ਮਹਿਕਮੇ ਵਿੱਚ ਹੜਕੰਪ ਮਚ ਗਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੂਬੇ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਪੂਰੇ ਘਟਨਾਕ੍ਰਮ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਪੁਲੀਸ ਪ੍ਰਸ਼ਾਸਨ ਮੁਤਾਬਕ, ਪਿੰਪਰੀ ਚਿੰਚਵੜ ਦੇ ਫੂਗੇਵਾੜੀ ਇਲਾਕੇ ਵਿੱਚ ਜ਼ਹਿਰੀਲੀ ਸ਼ਰਾਬ ਦੀ ਸਪਲਾਈ ਦੇ ਸਬੰਧ ਵਿੱਚ ਇੱਕ ਮੁੱਖ ਬੂਟਲੈਗਰ (ਸ਼ਰਾਬ ਤਸਕਰ) ਸਮੇਤ ਅੱਠ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਦੇ ਨਾਲ ਹੀ, ਸ਼ਰਾਬ ਦੇ ਸੇਵਨ ਕਾਰਨ ਬਿਮਾਰ ਹੋਏ ਤਿੰਨ ਹੋਰ ਵਿਅਕਤੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਸਥਾਨਕ ਹਸਪਤਾਲ ਵਿੱਚ ਜ਼ੇਰੇ-ਇਲਾਜ ਹਨ।
ਜ਼ਹਿਰੀਲੀ ਸ਼ਰਾਬ ਪੀਣ ਕਾਰਨ 7 ਮੌਤਾਂ ਪੁਣੇ ਚ ਵੀ 3 ਲੋਕਾਂ ਦੀ ਗਈ ਜਾਨ
