ਗੜ੍ਹਸ਼ੰਕਰ, 4 ਅਕਤੂਬਰ (ਹਰੀ ਕ੍ਰਿਸ਼ਨ ਗੰਗੜ):- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਾਨਦਾਰ ਡਰੋਨ ਸ਼ੋਅ ਸ਼ਨੀਵਾਰ ਨੂੰ ਗੜ੍ਹਸ਼ੰਕਰ ਦੇ ਪਿੰਡ ਪੱਦੀ ਸੂਰਾ ਸਿੰਘ ਦੇ ਫੁੱਟਬਾਲ ਗਰਾਊਂਡ ਵਿਖੇ ਕਰਵਾਇਆ ਗਿਆ। ਇਸ ਦੌਰਾਨ 500 ਡਰੋਨਾਂ ਨੇ ਅਸਮਾਨ ਵਿੱਚ ਮਨਮੋਹਕ ਦ੍ਰਿਸ਼ ਸਿਰਜਦਿਆਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਫ਼ਲਸਫ਼ੇ ਅਤੇ ਸਿੱਖਿਆਵਾਂ ਨੂੰ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਵੱਡੀ ਗਿਣਤੀ ਵਿਚ ਸੰਤਾਂ-ਮਹਾਂਪੁਰਸ਼ਾਂ ਅਤੇ ਵੱਖ-ਵੱਖ ਇਲਾਕਿਆਂ ਤੋਂ ਆਈ ਸੰਗਤ ਸਮੇਤ ਸਮਾਗਮ ਵਿਚ ਸ਼ਿਰਕਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿਖਿਆਵਾਂ ਅਜੋਕੇ ਯੁੱਗ ਵਿਚ ਵੀ ਬੇਹੱਦ ਪ੍ਰਸੰਗਕ ਹਨ ਜਿਨ੍ਹਾਂ ਨੂੰ ਅਪਨਾ ਕੇ ਗੁਰੂ ਜੀ ਦੀ ਕਲਪਨਾ ਵਾਲੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।

ਪੰਜਾਬ ਸਰਕਾਰ ਵਲੋਂ ਕਰਵਾਏ ਗਏ ਡਰੋਨ ਸ਼ੋਅ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਬਰਾਬਰਤਾ, ਮਨੁੱਖੀ ਸਨਮਾਨ, ਸਮਾਜਿਕ ਸਦਭਾਵਨਾ ਅਤੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਨੂੰ ਦਰਸਾਇਆ ਗਿਆ ਜਿਸ ਨੂੰ ਸੰਗਤ ਵਲੋਂ ਬਹੁਤ ਸਲਾਹਿਆ ਗਿਆ।

ਆਪਣੇ ਸੰਬੋਧਨ ਵਿਚ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਇਹ ਸ਼ਾਨਦਾਰ ਡਰੋਨ ਸ਼ੋਅ ਸ੍ਰੀ ਗੁਰੂ ਰਵਿਦਾਸ ਜੀ ਨੂੰ ਪੰਜਾਬ ਸਰਕਾਰ ਵੱਲੋਂ ਢੁੱਕਵੀਂ ਸ਼ਰਧਾਂਜਲੀ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਤਕਨਾਲੋਜੀ ਰਾਹੀਂ ਗੁਰੂ ਸਾਹਿਬ ਦੀਆਂ ਸਦੀਵੀ ਸਿੱਖਿਆਵਾਂ ਨੂੰ ਲੋਕਾਂ, ਖ਼ਾਸ ਕਰਕੇ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਦਾ ਇਹ ਇੱਕ ਪ੍ਰਭਾਵਸ਼ਾਲੀ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਸ ਸਬੰਧੀ ਵੱਖ-ਵੱਖ ਸਮਾਗਮਾਂ ਲਈ 100 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਉਣ ਲਈ ਡਰੋਨ ਸ਼ੋਅ, ਸੈਮੀਨਾਰ, ਡਾਕੂਮੈਂਟਰੀ ਸ਼ੋਅ ਅਤੇ ਮੈਰਾਥਨ ਸਮੇਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਸੂਬੇ ਦੇ 13,000 ਪਿੰਡਾਂ ਵਿੱਚ ਡਾਕੂਮੈਂਟਰੀ ਸ਼ੋਅ ਦਿਖਾਏ ਜਾ ਰਹੇ ਹਨ, ਤਾਂ ਜੋ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਇਆ ਜਾ ਸਕੇ ਅਤੇ ਵੱਧ ਤੋਂ ਵੱਧ ਨੌਜਵਾਨ ਉਨ੍ਹਾਂ ਦੇ ਜੀਵਨ ਤੇ ਸਿੱਖਿਆਵਾਂ ਤੋਂ ਜਾਣੂ ਹੋ ਸਕਣ।

ਡਿਪਟੀ ਸਪੀਕਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ’ਤੇ ਮਨਾਇਆ ਜਾਵੇਗਾ ਜਿਸ ਲਈ 100 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਖ-ਵੱਖ ਧਾਰਮਿਕ ਸਥਾਨਾਂ ਤੋਂ ਚਾਰ ਵਿਸ਼ਾਲ ਸ਼ੋਭਾ ਯਾਤਰਾਵਾਂ ਸਜਾਈਆਂ ਜਾਣਗੀਆਂ ਜੋ 3 ਦਸੰਬਰ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਪਹੁੰਚਣਗੀਆਂ। ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾਵਾਂ ਪਹੁੰਚਣ ਉਪਰੰਤ ਪੰਜਾਬ ਸਰਕਾਰ ਵਲੋਂ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਡੇ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਜਲੰਧਰ ਦੇ ਪਿੰਡ ਨੌਗੱਜਾ ਵਿਖੇ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ, ਜਿਸ ਉੱਤੇ 24.55 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ ਖੁਰਾਲਗੜ੍ਹ ਵਿਖੇ 147 ਕਰੋੜ ਰੁਪਏ ਦੀ ਲਾਗਤ ਨਾਲ ਸ੍ਰੀ ਗੁਰੂ ਰਵਿਦਾਸ ਯਾਦਗਾਰ ਵੀ ਸਥਾਪਿਤ ਕੀਤੀ ਜਾ ਰਹੀ ਹੈ। ਸਮਾਗਮ ਦੌਰਾਨ ਪ੍ਰਸਿੱਧ ਰਾਗੀ ਭਾਈ ਜਸਵੀਰ ਸਿੰਘ ਜੀ ਵੱਲੋਂ ਰਸਭਿੰਨਾ ਸ਼ਬਦ ਕੀਰਤਨ ਵੀ ਕੀਤਾ ਗਿਆ। ਡਰੋਨ ਸ਼ੋਅ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਇਸ ਦਾ ਭਰਪੂਰ ਆਨੰਦ ਮਾਣਿਆ ਅਤੇ ਅਸਮਾਨ ਵਿੱਚ ਡਰੋਨਾਂ ਰਾਹੀਂ ਸਿਰਜੇ ਗਏ ਗੁਰੂ ਸਾਹਿਬ ਦੇ ਜੀਵਨ ਤੇ ਫ਼ਲਸਫ਼ੇ ਨਾਲ ਸਬੰਧਤ ਦ੍ਰਿਸ਼ਾਂ ਨੇ ਸਭ ਨੂੰ ਮੰਤਰਮੁਗਧ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਇਨ੍ਹਾਂ ਸਮਾਗਮਾਂ ਵਿਚ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਿਰਕਤ ਕਰਦਿਆਂ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਪ੍ਰਣ ਕਰਨਾ ਚਾਹੀਦਾ ਹੈ ਤਾਂ ਜੋ ਆਪਸੀ ਭਾਈਚਾਰ ਸਾਂਝ ਨੂੰ ਹੋਰ ਮਜ਼ਬੂਤ ਕਰਦਿਆਂ ਗੁਰੂ ਜੀ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਇਆ ਜਾ ਸਕੇ। ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਆਏ ਹੋਏ ਸੰਤਾ-ਮਹਾਂਪੁਰਸ਼ਾਂ ਨੂੰ ਸਿਰੋਪਾਓ ਭੇਟ ਕਰਕੇ ਆਸ਼ੀਰਵਾਦ ਵੀ ਪ੍ਰਾਪਤ ਕੀਤਾ।

ਇਸ ਮੌਕੇ ਵਿਸ਼ੇਸ਼ ਤੌਰ ’ਤੇ ਸੰਤ ਪ੍ਰਦੀਪ ਦਾਸ ਕਠਾਰ ਵਾਲੇ, ਸੰਤ ਕੇਵਲ ਸਿੰਘ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ, ਸੰਤ ਸਤਨਾਮ ਦਾਸ ਗੱਜਣ ਮਹਿਦੂਦ, ਸੰਤ ਮਹਿੰਦਰ ਦਾਸ ਪ੍ਰਧਾਨ ਸ੍ਰੀ ਚਰਨਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ, ਸੰਤ ਮੇਜਰ ਦਾਸ ਹੱਲੂਵਾਲ, ਸੰਤ ਸੰਤੋਖ ਦਾਸ ਜੀ ਗਣੇਸ਼ਪੁਰ ਭਾਰਟਾ ਖਾਨਪੁਰ, ਸੰਤ ਨਰੇਸ਼ ਸਿੰਘ, ਸੰਤ ਸੁਖਦੇਵ ਸਿੰਘ ਤਪ ਸ੍ਰੀ ਖੁਰਾਲਗੜ੍ਹ ਸਾਹਿਬ, ਬਾਬਾ ਬਲਰਾਮ ਭਵਾਨੀਪੁਰ, ਰਾਣੀ ਮਹੰਤ ਰਾਮਪੁਰ ਬਹੇੜੋਂ, ਰੇਸ਼ਮ ਸ਼ਾਹ ਸਾਬਰੀ ਮੋਇਲਾ ਬਾਹਿਦਪੁਰ, ਸੰਤ ਬਾਬਾ ਬਲਰਾਮ ਸਿੰਘ, ਸੰਤ ਸੁਰਿੰਦਰ ਦਾਸ, ਮੋਨਿਕਾ ਸਾਂਈ ਅਤੇ ਭਾਰੀ ਗਿਣਤੀ ਵਿਚ ਸੰਗਤ ਮੌਜੂਦ ਸੀ।