ਮੋਰਿੰਡਾ, 31 ਅਗਸਤ:- ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਸੀਨੀਅਰ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਦੇ ਜਨਮ ਦਿਨ ਦੇ ਮੌਕੇ ਉਨ੍ਹਾਂ ਦੇ ਕਰੀਬੀ ਸਾਥੀ ਯੂਥ ਆਗੂ ਬਿਕਰਮਜੀਤ ਸਿੰਘ ਬਿੱਕੀ ਖੈਰਪੁਰ ਵੱਲੋਂ ਕਮਿਊਨਿਟੀ ਸਿਹਤ ਕੇਂਦਰ ਮੋਰਿੰਡਾ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਸਰਕਾਰੀ ਹਸਪਤਾਲ ਰੂਪਨਗਰ ਦੇ ਬਲੱਡ ਬੈਂਕ ਦੀ ਟੀਮ ਵੱਲੋਂ ਇਸ ਕੈਂਪ ਦੌਰਾਨ 25 ਖੂਨਦਾਨੀਆਂ ਪਾਸੋਂ ਖੂਨ ਇਕੱਤਰ ਕੀਤਾ ਗਿਆ।
ਇਸ ਖੂਨਦਾਨ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਆਗੂ ਬਿੱਕੀ ਖੈਰਪੁਰ ਨੇ ਦੱਸਿਆ ਕਿ ਬੱਬੀ ਬਾਦਲ ਦੇ ਜਨਮ ਦਿਨ ਮੌਕੇ ਆਯੋਜਿਤ ਇਸ ਖੂਨਦਾਨ ਕੈਂਪ ਵਿੱਚ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਲੋਕਾਂ ਨੇ ਪਹੁੰਚ ਕੇ ਖੂਨਦਾਨ ਕੀਤਾ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਖੂਨਦਾਨੀਆਂ ਦਾ ਹੌਸਲਾ ਵਧਾਉਣ ਲਈ ਜਿੱਥੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ, ਉੱਥੇ ਹੀ ਖੂਨਦਾਨੀਆਂ ਲਈ ਰਿਫਰੈਸ਼ਮੈਂਟ (ਖਾਣ-ਪੀਣ) ਦਾ ਵੀ ਪ੍ਰਬੰਧ ਕੀਤਾ ਗਿਆ।
ਯੂਥ ਆਗੂ ਬਿੱਕੀ ਖੈਰਪੁਰ ਨੇ ਦੱਸਿਆ ਕਿ ਇਸ ਖੂਨਦਾਨ ਕੈਂਪ ਵਿੱਚ ਪਹੁੰਚੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਖੂਨਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੂਨਦਾਨ ਨੂੰ ਮਹਾਂਦਾਨ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ ਨਾ ਤਾਂ ਖੂਨ ਦਾਨ ਕਰਨ ਵਾਲੇ ਨੂੰ ਪਤਾ ਹੁੰਦਾ ਹੈ ਕਿ ਮੇਰੇ ਵੱਲੋਂ ਦਿੱਤਾ ਗਿਆ ਖੂਨ ਕਿਸ ਨੂੰ ਚੜ੍ਹਿਆ ਹੈ ਅਤੇ ਨਾ ਹੀ ਖੂਨ ਲੈਣ ਵਾਲੇ ਨੂੰ ਪਤਾ ਹੁੰਦਾ ਹੈ ਕਿ ਮੇਰੇ ਚੜ੍ਹਨ ਵਾਲਾ ਖੂਨ ਕਿਸ ਨੇ ਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਖੂਨਦਾਨ ਕੈਂਪ ਦੌਰਾਨ ਇਕੱਤਰ ਖੂਨ ਦਾ ਹਰ ਇੱਕ ਕਤਰਾ ਕਿਸੇ ਲੋੜਵੰਦ ਵਿਅਕਤੀ ਦੀ ਜ਼ਿੰਦਗੀ ਬਚਾਉਣ ਵਿੱਚ ਸਹਾਈ ਸਿੱਧ ਹੋ ਸਕਦਾ ਹੈ।
ਬੱਬੀ ਬਾਦਲ ਨੇ ਕਿਹਾ ਕਿ ਆਪਣੇ ਜਨਮ ਦਿਨ ਮੌਕੇ ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਖੂਨਦਾਨ ਕੈਂਪ ਲਗਾ ਕੇ ਉਨ੍ਹਾਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸ ਮੌਕੇ ਉਨ੍ਹਾਂ ਜਿੱਥੇ ਖੂਨਦਾਨੀਆਂ ਦਾ ਧੰਨਵਾਦ ਕੀਤਾ, ਉੱਥੇ ਹੀ ਸਰਕਾਰੀ ਹਸਪਤਾਲ ਰੂਪਨਗਰ ਦੀ ਬਲੱਡ ਬੈਂਕ ਟੀਮ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਖੂਨਦਾਨ ਸਿਰਫ਼ ਇੱਕ ਸਮਾਜਿਕ ਸੇਵਾ ਨਹੀਂ, ਸਗੋਂ ਕਿਸੇ ਲੋੜਵੰਦ ਨੂੰ ਜੀਵਨ ਦੇਣ ਵਾਲੀ ਸੇਵਾ ਹੈ। ਉਨ੍ਹਾਂ ਸਮੂਹ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ, ਯੂਥ ਕਲੱਬਾਂ ਅਤੇ ਹੋਰਨਾਂ ਸੰਸਥਾਵਾਂ ਨੂੰ ਵੱਧ ਤੋਂ ਵੱਧ ਖੂਨਦਾਨ ਕੈਂਪ ਲਗਾਉਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਜਗਪਾਲ ਸਿੰਘ ਜੌਲੀ, ਮੀਤ ਪ੍ਰਧਾਨ ਹਰਜਿੰਦਰ ਸਿੰਘ ਛਿੱਬਰ ਅਤੇ ਕੌਂਸਲਰ ਹਰਜੀਤ ਸਿੰਘ ਸੋਢੀ ਵੱਲੋਂ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੂੰ ਯੂਥ ਆਗੂ ਬਿਕਰਮਜੀਤ ਸਿੰਘ ਬਿੱਕੀ ਖੈਰਪੁਰ ਵੱਲੋਂ ਪੰਜ ਤਖ਼ਤ ਸਾਹਿਬਾਨ ਤੋਂ ਲਿਆਂਦਾ ਗਿਆ ਪ੍ਰਸਾਦਿ ਅਤੇ ਸਿਰੋਪਾਓ ਪਾ ਕੇ ਉਨ੍ਹਾਂ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਅਤੇ 11 ਕਿਲੋ ਮਿਲਕ ਕੇਕ ਕੱਟ ਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ।
ਸੀਨੀਅਰ ਆਪ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਜਿੱਥੇ ਇਸ ਜਨਮ ਦਿਨ ਨੂੰ ਯਾਦਗਾਰੀ ਬਣਾਉਣ ਲਈ ਯੂਥ ਆਗੂ ਬਿਕਰਮਜੀਤ ਸਿੰਘ ਬਿੱਕੀ ਖੈਰਪੁਰ ਦਾ ਤਹਿ ਦਿਲੋਂ ਧੰਨਵਾਦ ਕੀਤਾ, ਉੱਥੇ ਹੀ ਹਾਜ਼ਰ ਸ਼ਖ਼ਸੀਅਤਾਂ ਦਾ ਵੀ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਪਰਮਿੰਦਰਜੀਤ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਮੋਰਿੰਡਾ, ਮੇਜਰ ਮਸੀਹ, ਪ੍ਰਿੰਸ ਬੁੜੈਲ, ਮਿਸ਼ਨ ਏਰੀਆ ਸੰਸਥਾ ਦੇ ਆਗੂ ਜਸਵਿੰਦਰ ਸਿੰਘ, ਨਿਰਮਲ ਸਿੰਘ ਵਡਾਲੀ, ਦੱਲੀ ਮੋਟਰਸ, ਗੁਰਦਰਸ਼ਨ ਸਿੰਘ, ਵਿਜੇ ਮੋਰਿੰਡਾ, ਸਾਹਿਲ ਅਰੋੜਾ, ਮਨਦੀਪ ਸਿੰਘ ਸਮੇਤ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਆਗੂ ਅਤੇ ਪਤਵੰਤੇ ਹਾਜ਼ਰ ਸਨ।