ਇਸ ਡਿਜੀਟਲ ਯੁੱਗ ਵਿੱਚ ਬਚਪਨ ਦਾ ਸਰੂਪ ਤੇਜ਼ੀ ਨਾਲ ਬਦਲ ਰਿਹਾ ਹੈ। ਆਧੁਨਿਕ ਸਿੱਖਿਆ ਦਾ ਦਬਾਅ, ਤਕਨੀਕੀ ਤਰੱਕੀ ਅਤੇ ਸੋਸ਼ਲ ਮੀਡੀਆ ਦੀ ਵਧਦੀ ਪਹੁੰਚ ਨੇ ਬੱਚਿਆਂ ਦੇ ਜੀਵਨ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਬਚਪਨ, ਜਿਸ ਨੂੰ ਕਦੇ ਖੇਡਣ, ਹੱਸਣ, ਕਲਪਨਾ ਕਰਨ ਅਤੇ ਨਵੀਆਂ ਚੀਜ਼ਾਂ ਸਿੱਖਣ ਦਾ ਸਮਾਂ ਮੰਨਿਆ ਜਾਂਦਾ ਸੀ, ਹੁਣ ਮੁਕਾਬਲੇ, ਉਮੀਦਾਂ ਅਤੇ ਜ਼ਿੰਮੇਵਾਰੀਆਂ ਨਾਲ ਘਿਰਦਾ ਜਾ ਰਿਹਾ ਹੈ। ਬੱਚਿਆਂ ਉੱਤੇ ਪੜ੍ਹਾਈ ਵਿੱਚ ਚੰਗੇ ਨਤੀਜੇ ਲਿਆਉਣ ਦਾ ਦਬਾਅ ਪਹਿਲਾਂ ਨਾਲੋਂ ਕਿਤੇ ਵੱਧ ਹੈ। ਸਕੂਲ ਦਾ ਕੰਮ, ਟੈਸਟ, ਟਿਊਸ਼ਨਾਂ ਅਤੇ ਹੋਰ ਗਤੀਵਿਧੀਆਂ ਉਨ੍ਹਾਂ ਦੀ ਰੋਜ਼ਾਨਾ ਦੀ ਸਮਾਂ-ਸਾਰਣੀ ਦਾ ਵੱਡਾ ਹਿੱਸਾ ਬਣ ਗਈਆਂ ਹਨ। ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਪੜ੍ਹਾਈ ਦੇ ਨਾਲ ਖੇਡਾਂ ਅਤੇ ਹੋਰ ਖੇਤਰਾਂ ਵਿੱਚ ਵੀ ਅੱਗੇ ਰਹਿਣ। ਇਸ ਮੁਕਾਬਲੇ ਵਿੱਚ ਬੱਚਿਆਂ ਲਈ ਆਪਣੀ ਮਰਜ਼ੀ ਨਾਲ ਖੇਡਣ, ਦੋਸਤਾਂ ਨਾਲ ਸਮਾਂ ਬਿਤਾਉਣ ਅਤੇ ਨਵੀਆਂ ਚੀਜ਼ਾਂ ਦੀ ਖੋਜ ਕਰਨ ਲਈ ਬਹੁਤ ਘੱਟ ਸਮਾਂ ਬਚਦਾ ਹੈ। ਸਿੱਖਿਆ ਦਾ ਮਕਸਦ ਸਿਰਫ਼ ਚੰਗੇ ਅੰਕ ਪ੍ਰਾਪਤ ਕਰਨਾ ਨਹੀਂ, ਸਗੋਂ ਬੱਚਿਆਂ ਦਾ ਸਮਾਜਿਕ, ਭਾਵਨਾਤਮਕ ਅਤੇ ਰਚਨਾਤਮਕ ਵਿਕਾਸ ਵੀ ਹੋਣਾ ਚਾਹੀਦਾ ਹੈ।
ਆਧੁਨਿਕ ਸਿੱਖਿਆ ਵਿੱਚ ਸੋਚਣ, ਸਮੱਸਿਆਵਾਂ ਦੇ ਹੱਲ ਲੱਭਣ ਅਤੇ ਨਵੇਂ ਹੁਨਰ ਸਿੱਖਣ ਉੱਤੇ ਜ਼ੋਰ ਦੇਣਾ ਚੰਗੀ ਗੱਲ ਹੈ। ਪਰ ਇਸ ਦੇ ਨਾਲ ਬੱਚਿਆਂ ਦੀ ਕਲਪਨਾ, ਖੇਡ ਅਤੇ ਰਚਨਾਤਮਕਤਾ ਨੂੰ ਵੀ ਬਰਾਬਰ ਮਹੱਤਵ ਮਿਲਣਾ ਚਾਹੀਦਾ ਹੈ। ਬੱਚੇ ਸਿਰਫ਼ ਕਿਤਾਬਾਂ ਅਤੇ ਕਲਾਸਾਂ ਰਾਹੀਂ ਹੀ ਨਹੀਂ ਸਿੱਖਦੇ, ਸਗੋਂ ਖੇਡਦਿਆਂ, ਗਲਤੀਆਂ ਕਰਦਿਆਂ ਅਤੇ ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਨੂੰ ਸਮਝਦਿਆਂ ਵੀ ਬਹੁਤ ਕੁਝ ਸਿੱਖਦੇ ਹਨ। ਜੇਕਰ ਉਨ੍ਹਾਂ ਦਾ ਹਰ ਸਮਾਂ ਕਿਸੇ ਨਾ ਕਿਸੇ ਕੰਮ ਲਈ ਤੈਅ ਕਰ ਦਿੱਤਾ ਜਾਵੇ ਤਾਂ ਉਨ੍ਹਾਂ ਦੀ ਕੁਦਰਤੀ ਸਿੱਖਣ ਦੀ ਇੱਛਾ ਅਤੇ ਸੋਚਣ ਦੀ ਆਜ਼ਾਦੀ ਪ੍ਰਭਾਵਿਤ ਹੋ ਸਕਦੀ ਹੈ। ਤਕਨੀਕੀ ਤਰੱਕੀ ਨੇ ਵੀ ਬੱਚਿਆਂ ਦੇ ਜੀਵਨ ਵਿੱਚ ਵੱਡੀ ਤਬਦੀਲੀ ਲਿਆਂਦੀ ਹੈ। ਮੋਬਾਈਲ ਫੋਨ, ਟੈਬਲੇਟ ਅਤੇ ਇੰਟਰਨੈੱਟ ਰਾਹੀਂ ਉਨ੍ਹਾਂ ਨੂੰ ਦੁਨੀਆ ਭਰ ਦੀ ਜਾਣਕਾਰੀ ਆਸਾਨੀ ਨਾਲ ਮਿਲ ਜਾਂਦੀ ਹੈ। ਇਸ ਦੇ ਕਈ ਲਾਭ ਹਨ, ਪਰ ਇਸ ਦੀ ਬੇਲੋੜੀ ਅਤੇ ਬੇਕਾਬੂ ਵਰਤੋਂ ਚਿੰਤਾ ਦਾ ਵਿਸ਼ਾ ਵੀ ਹੈ। ਬੱਚੇ ਛੋਟੀ ਉਮਰ ਵਿੱਚ ਹੀ ਅਜਿਹੀ ਸਮੱਗਰੀ ਦੇਖਣ ਅਤੇ ਪੜ੍ਹਨ ਲੱਗ ਪੈਂਦੇ ਹਨ, ਜੋ ਉਨ੍ਹਾਂ ਦੀ ਉਮਰ ਅਤੇ ਸਮਝ ਦੇ ਅਨੁਕੂਲ ਨਹੀਂ ਹੁੰਦੀ। ਇਸ ਨਾਲ ਬਚਪਨ ਅਤੇ ਬਾਲਗ ਜੀਵਨ ਵਿਚਕਾਰਲੀ ਹੱਦ ਧੁੰਦਲੀ ਹੋਣ ਲੱਗਦੀ ਹੈ। ਕਈ ਵਾਰ ਬੱਚੇ ਅਜਿਹੇ ਵਿਸ਼ਿਆਂ ਅਤੇ ਸਮਾਜਿਕ ਮਸਲਿਆਂ ਬਾਰੇ ਚਿੰਤਤ ਹੋਣ ਲੱਗਦੇ ਹਨ, ਜਿਨ੍ਹਾਂ ਨੂੰ ਸਮਝਣ ਲਈ ਉਨ੍ਹਾਂ ਨੂੰ ਅਜੇ ਹੋਰ ਸਮਾਂ ਅਤੇ ਸਹੀ ਮਾਰਗਦਰਸ਼ਨ ਦੀ ਲੋੜ ਹੁੰਦੀ ਹੈ।
ਸੋਸ਼ਲ ਮੀਡੀਆ ਦਾ ਪ੍ਰਭਾਵ ਵੀ ਇਸ ਤਬਦੀਲੀ ਦਾ ਇੱਕ ਅਹਿਮ ਕਾਰਨ ਹੈ। ਛੋਟੀ ਉਮਰ ਤੋਂ ਹੀ ਬੱਚੇ ਦੂਜਿਆਂ ਦੀਆਂ ਤਸਵੀਰਾਂ, ਰਹਿਣ-ਸਹਿਣ ਅਤੇ ਜੀਵਨ ਸ਼ੈਲੀ ਨਾਲ ਆਪਣੀ ਤੁਲਨਾ ਕਰਨ ਲੱਗਦੇ ਹਨ। ਲਾਈਕਾਂ, ਟਿੱਪਣੀਆਂ ਅਤੇ ਸਾਂਝੀਆਂ ਕੀਤੀਆਂ ਤਸਵੀਰਾਂ ਰਾਹੀਂ ਮਿਲਣ ਵਾਲੀ ਪ੍ਰਵਾਨਗੀ ਉਨ੍ਹਾਂ ਲਈ ਮਹੱਤਵਪੂਰਨ ਬਣ ਜਾਂਦੀ ਹੈ। ਕਈ ਬੱਚੇ ਦੂਜਿਆਂ ਵਾਂਗ ਦਿਖਣ ਜਾਂ ਉਨ੍ਹਾਂ ਵਰਗੀ ਜ਼ਿੰਦਗੀ ਜਿਊਣ ਦੀ ਕੋਸ਼ਿਸ਼ ਕਰਦੇ ਹਨ। ਇਸ ਕਾਰਨ ਉਨ੍ਹਾਂ ਵਿੱਚ ਹੀਣ ਭਾਵਨਾ, ਚਿੰਤਾ ਅਤੇ ਆਪਣੇ ਆਪ ਨੂੰ ਸਾਬਤ ਕਰਨ ਦਾ ਦਬਾਅ ਹੁੰਦਾ ਹੈ।
ਇੰਟਰਨੈੱਟ ਉੱਤੇ ਦਿਖਾਈ ਜਾਣ ਵਾਲੀ ਜ਼ਿੰਦਗੀ ਹਮੇਸ਼ਾ ਅਸਲ ਨਹੀਂ ਹੁੰਦੀ, ਪਰ ਬੱਚਿਆਂ ਲਈ ਇਸ ਅੰਤਰ ਨੂੰ ਸਮਝਣਾ ਸੌਖਾ ਨਹੀਂ ਹੁੰਦਾ। ਇਸ ਤੋਂ ਇਲਾਵਾ, ਸਮਾਜਿਕ ਉਮੀਦਾਂ ਵੀ ਬੱਚਿਆਂ ਉੱਤੇ ਅਸਰ ਪਾਉਂਦੀਆਂ ਹਨ। ਮਾਪੇ ਅਕਸਰ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਉਨ੍ਹਾਂ ਨੂੰ ਹਰ ਖੇਤਰ ਵਿੱਚ ਅੱਗੇ ਦੇਖਣਾ ਚਾਹੁੰਦੇ ਹਨ। ਇਸ ਇੱਛਾ ਵਿੱਚ ਕਈ ਵਾਰ ਉਹ ਬੱਚਿਆਂ ਦੀ ਉਮਰ, ਰੁਚੀ ਅਤੇ ਸਮਰੱਥਾ ਤੋਂ ਵੱਧ ਉਮੀਦਾਂ ਰੱਖ ਲੈਂਦੇ ਹਨ। ਕੁਝ ਬੱਚਿਆਂ ਨੂੰ ਘਰ ਦੀਆਂ ਜ਼ਿੰਮੇਵਾਰੀਆਂ ਦੇ ਨਾਲ ਪਰਿਵਾਰਕ ਸਮੱਸਿਆਵਾਂ ਦਾ ਭਾਵਨਾਤਮਕ ਬੋਝ ਵੀ ਝੱਲਣਾ ਪੈਂਦਾ ਹੈ।
ਇਨ੍ਹਾਂ ਸਾਰੇ ਦਬਾਵਾਂ ਦਾ ਅਸਰ ਬੱਚਿਆਂ ਦੀ ਮਾਨਸਿਕ ਅਤੇ ਭਾਵਨਾਤਮਕ ਸਿਹਤ ਉੱਤੇ ਹੁੰਦਾ ਹੈ। ਲਗਾਤਾਰ ਮੁਕਾਬਲੇ, ਉਮੀਦਾਂ ਅਤੇ ਤੁਲਨਾ ਕਾਰਨ ਉਨ੍ਹਾਂ ਵਿੱਚ ਤਣਾਅ, ਚਿੜਚਿੜਾਪਣ ਅਤੇ ਆਤਮ-ਵਿਸ਼ਵਾਸ ਦੀ ਕਮੀ ਪੈਦਾ ਹੋ ਸਕਦੀ ਹੈ। ਜੇਕਰ ਬੱਚਿਆਂ ਨੂੰ ਖੁੱਲ੍ਹ ਕੇ ਖੇਡਣ, ਆਪਣੀ ਪਸੰਦ ਦੀਆਂ ਗਤੀਵਿਧੀਆਂ ਕਰਨ ਅਤੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਦਾ ਮੌਕਾ ਨਾ ਮਿਲੇ ਤਾਂ ਉਨ੍ਹਾਂ ਦਾ ਸੁਭਾਵਿਕ ਵਿਕਾਸ ਪ੍ਰਭਾਵਿਤ ਹੁੰਦਾ ਹੈ। ਬਚਪਨ ਵਿੱਚ ਮਿਲਣ ਵਾਲੇ ਅਜਿਹੇ ਤਜਰਬੇ ਹੀ ਅੱਗੇ ਚੱਲ ਕੇ ਵਿਅਕਤੀ ਦੀ ਸੋਚ, ਸੁਭਾਅ ਅਤੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੇ ਹਨ। ਸਕੂਲਾਂ ਨੂੰ ਪੜ੍ਹਾਈ ਦੇ ਨਾਲ ਖੇਡਾਂ, ਕਲਾ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਲਈ ਵੀ ਢੁਕਵਾਂ ਸਮਾਂ ਦੇਣਾ ਚਾਹੀਦਾ ਹੈ।
ਬੱਚਿਆਂ ਉੱਤੇ ਬੇਲੋੜੇ ਟੈਸਟਾਂ ਅਤੇ ਹੋਮਵਰਕ ਦਾ ਬੋਝ ਘਟਾਉਣ ਦੇ ਨਾਲ ਉਨ੍ਹਾਂ ਦੀ ਸਿੱਖਣ ਦੀ ਰੁਚੀ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ। ਮਾਪਿਆਂ ਨੂੰ ਵੀ ਬੱਚਿਆਂ ਦੀ ਤੁਲਨਾ ਦੂਜਿਆਂ ਨਾਲ ਕਰਨ ਦੀ ਥਾਂ ਉਨ੍ਹਾਂ ਦੀਆਂ ਰੁਚੀਆਂ ਅਤੇ ਸਮਰੱਥਾਵਾਂ ਨੂੰ ਸਮਝਣਾ ਚਾਹੀਦਾ ਹੈ। ਮੋਬਾਈਲ ਅਤੇ ਇੰਟਰਨੈੱਟ ਦੀ ਵਰਤੋਂ ਲਈ ਉਮਰ ਅਨੁਸਾਰ ਹੱਦਾਂ ਤੈਅ ਕਰਨੀਆਂ ਅਤੇ ਬੱਚਿਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਨੀ ਵੀ ਮਹੱਤਵਪੂਰਨ ਹੈ। ਬਚਪਨ ਮਨੁੱਖੀ ਜੀਵਨ ਦਾ ਇੱਕ ਅਨਮੋਲ ਪੜਾਅ ਹੈ, ਜਿਸ ਨੂੰ ਮੁਕਾਬਲੇ ਅਤੇ ਉਮੀਦਾਂ ਦੀ ਭੇਟ ਨਹੀਂ ਚੜ੍ਹਾਉਣਾ ਚਾਹੀਦਾ। ਬੱਚਿਆਂ ਨੂੰ ਸਿਰਫ਼ ਭਵਿੱਖ ਦੇ ਕਾਮਯਾਬ ਵਿਅਕਤੀ ਬਣਾਉਣ ਦੀ ਤਿਆਰੀ ਕਰਵਾਉਣਾ ਹੀ ਕਾਫ਼ੀ ਨਹੀਂ, ਸਗੋਂ ਉਨ੍ਹਾਂ ਨੂੰ ਅੱਜ ਇੱਕ ਖੁਸ਼ਹਾਲ ਬਚਪਨ ਦੇਣਾ ਵੀ ਜ਼ਰੂਰੀ ਹੈ।
- ਦਵਿੰਦਰ ਕੁਮਾਰ
