
ਡੇਅਰੀ ਫਾਰਮਿੰਗ ਵਿੱਚ ਉੱਦਮਤਾ ਅਤੇ ਟਿਕਾਊ ਆਮਦਨ ਦੀਆਂ ਵਿਸ਼ਾਲ ਸੰਭਾਵਨਾਵਾਂ - ਡਾ. ਗਿੱਲ
ਲੁਧਿਆਣਾ, 01 ਸਤੰਬਰ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਦੋ ਹਫ਼ਤਿਆਂ ਦਾ ਡੇਅਰੀ ਫਾਰਮਿੰਗ ਸਿਖਲਾਈ ਪ੍ਰੋਗਰਾਮ ਨੂੰ ਸਫਲਤਾਪੂਰਵਕ ਸੰਪੂਰਨ ਹੋਇਆ। ਇਸ ਵਿੱਚ ਪੰਜਾਬ ਦੇ 63 ਪ੍ਰਤੀਭਾਗੀਆਂ ਜਿਨ੍ਹਾਂ ਵਿੱਚ 5 ਔਰਤਾਂ ਅਤੇ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਦੋ ਪ੍ਰਤੀਭਾਗੀ ਸ਼ਾਮਲ ਹੋਏ।
ਲੁਧਿਆਣਾ, 01 ਸਤੰਬਰ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਦੋ ਹਫ਼ਤਿਆਂ ਦਾ ਡੇਅਰੀ ਫਾਰਮਿੰਗ ਸਿਖਲਾਈ ਪ੍ਰੋਗਰਾਮ ਨੂੰ ਸਫਲਤਾਪੂਰਵਕ ਸੰਪੂਰਨ ਹੋਇਆ। ਇਸ ਵਿੱਚ ਪੰਜਾਬ ਦੇ 63 ਪ੍ਰਤੀਭਾਗੀਆਂ ਜਿਨ੍ਹਾਂ ਵਿੱਚ 5 ਔਰਤਾਂ ਅਤੇ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਦੋ ਪ੍ਰਤੀਭਾਗੀ ਸ਼ਾਮਲ ਹੋਏ।
ਸਮਾਪਨ ਸਮਾਰੋਹ ਦੀ ਪ੍ਰਧਾਨਗੀ ਕਰਦੇ ਹੋਏ, ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਯੂਨੀਵਰਸਿਟੀ ਵਿਗਿਆਨਕ ਗਿਆਨ, ਹੁਨਰ-ਅਧਾਰਤ ਸਿਖਲਾਈ ਅਤੇ ਵਿਹਾਰਕ ਹੱਲ ਪ੍ਰਦਾਨ ਕਰਕੇ ਪਸ਼ੂ ਪਾਲਕਾਂ ਨੂੰ ਸੁਦ੍ਰਿੜ੍ਹ ਬਣਾਉਣ ਲਈ ਵਚਨਬੱਧ ਹੈ। ਡੇਅਰੀ ਫਾਰਮਿੰਗ, ਪੰਜਾਬ ਦੀ ਖੇਤੀਬਾੜੀ ਅਰਥਵਿਵਸਥਾ ਦੀ ਨੀਂਹ ਹੈ ਅਤੇ ਸਵੈ-ਰੁਜ਼ਗਾਰ, ਉੱਦਮਤਾ ਅਤੇ ਟਿਕਾਊ ਆਮਦਨ ਲਈ, ਖਾਸ ਕਰਕੇ ਪੇਂਡੂ ਨੌਜਵਾਨਾਂ ਅਤੇ ਔਰਤਾਂ ਵਾਸਤੇ, ਵੱਡੀਆਂ ਸੰਭਾਵਨਾਵਾਂ ਵਾਲਾ ਕਿੱਤਾ ਹੈ। ਉਨ੍ਹਾਂ ਨੇ ਵਿਭਿੰਨ ਉਤਪਾਦਾਂ ਰਾਹੀਂ ਗੁਣਵੱਤਾ ਵਾਧੇ ਦੀ ਮਹੱਤਤਾ `ਤੇ ਜ਼ੋਰ ਦਿੱਤਾ, ਜਿਸ ਰਾਹੀਂ ਵਧੇਰੇ ਮੁਨਾਫ਼ੇ ਅਤੇ ਆਮਦਨ ਦੇ ਨਵੇਂ ਰਸਤੇ ਖੁੱਲ੍ਹ ਸਕਦੇ ਹਨ ।
ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ, ਨੇ ਪਸ਼ੂ-ਅਧਾਰਤ ਉੱਦਮਾਂ ਰਾਹੀਂ ਪੇਂਡੂ ਜੀਵਨ ਨੂੰ ਮਜ਼ਬੂਤ ਕਰਨ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਡੇਅਰੀ ਕਿੱਤਾ ਨਾ ਸਿਰਫ਼ ਘਰੇਲੂ ਪੌਸ਼ਟਿਕਤਾ ਵਿੱਚ ਯੋਗਦਾਨ ਪਾਉਂਦਾ ਹੈ ਬਲਕਿ ਪੇਂਡੂ ਖੁਸ਼ਹਾਲੀ ਅਤੇ ਰੁਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਡਾ. ਜਸਵਿੰਦਰ ਸਿੰਘ, ਕੋਰਸ ਨਿਰਦੇਸ਼ਕ ਅਤੇ ਮੁਖੀ, ਵੈਟਨਰੀ ਪਸਾਰ ਸਿੱਖਿਆ ਵਿਭਾਗ ਨੇ ਦੱਸਿਆ ਕਿ ਸਿਖਲਾਈ ਦੌਰਾਨ ਡੇਅਰੀ ਪਸ਼ੂਆਂ ਲਈ ਆਧੁਨਿਕ ਰਿਹਾਇਸ਼ ਪ੍ਰਣਾਲੀਆਂ, ਸੰਤੁਲਿਤ ਰਾਸ਼ਨ ਤਿਆਰ ਕਰਨਾ, ਲੇਵੇ ਦੀ ਸੋਜ ਦੀ ਰੋਕਥਾਮ, ਟੀਕਾਕਰਨ ਸਮਾਂ-ਸਾਰਣੀ, ਸਾਫ਼ ਦੁੱਧ ਉਤਪਾਦਨ, ਪ੍ਰਜਣਨ ਸਿਹਤ, ਜੈਵਿਕ ਸੁਰੱਖਿਆ ਉਪਾਅ ਅਤੇ ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦਾਂ ਲਈ ਮੰਡੀਕਰਨ ਰਣਨੀਤੀਆਂ ਆਦਿ ਵਿਸ਼ੇ ਸ਼ਾਮਲ ਸਨ।
ਬੈਂਕ ਆਫ਼ ਬੜੌਦਾ ਦੀ ਟੀਮ ਵੱਲੋਂ ਇੱਕ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ ਗਿਆ ਅਤੇ ਸੀਨੀਅਰ ਬੈਂਕ ਮੈਨੇਜਰ ਸ਼੍ਰੀ ਸ਼ਵਿੰਦਰ ਛਾਬੜਾ ਨੇ ਆਪਣੀ ਟੀਮ ਦੇ ਨਾਲ ਪ੍ਰਤੀਭਾਗੀਆਂ ਨੂੰ ਪਸ਼ੂ-ਅਧਾਰਤ ਉੱਦਮਾਂ ਲਈ ਵਿੱਤੀ ਯੋਜਨਾਵਾਂ ਅਤੇ ਕਰਜ਼ਾ ਸਹੂਲਤਾਂ ਬਾਰੇ ਮਾਰਗਦਰਸ਼ਨ ਕੀਤਾ। ਸ਼੍ਰੀ ਸੁਰਿੰਦਰ ਸਿੰਘ, ਡਿਪਟੀ ਡਾਇਰੈਕਟਰ, ਡੇਅਰੀ ਵਿਕਾਸ, ਪੰਜਾਬ ਨੇ ਡੇਅਰੀ ਵਿਭਾਗ ਦੇ ਯਤਨਾਂ `ਤੇ ਚਾਨਣਾ ਪਾਇਆ ਅਤੇ ਪਸ਼ੂ ਪਾਲਕਾਂ ਲਈ ਚੱਲ ਰਹੀਆਂ ਯੋਜਨਾਵਾਂ ਅਤੇ ਕਾਰਜਾਂ ਬਾਰੇ ਦੱਸਿਆ।
ਡਾ. ਰਾਕੇਸ਼ ਕੁਮਾਰ ਸ਼ਰਮਾ, ਖੇਤਰੀ ਖੋਜ ਅਤੇ ਸਿਖਲਾਈ ਕੇਂਦਰ, ਤਲਵਾੜਾ ਦੇ ਨਿਰਦੇਸ਼ਕ ਨੇ ਆਪਣੀਆਂ ਰਚਨਾਤਮਕ ਸਲਾਹਾਂ ਨਾਲ ਸਿੱਖਿਆਰਥੀਆਂ ਨੂੰ ਪ੍ਰੇਰਿਤ ਕੀਤਾ। ਸਿਖਲਾਈ ਦਾ ਸੰਯੋਜਨ ਡਾ. ਰਵਦੀਪ ਸਿੰਘ, ਡਾ. ਰਾਕੇਸ਼ ਕੁਮਾਰ ਸ਼ਰਮਾ ਅਤੇ ਵਿਦਿਆਰਥੀ ਡਾ. ਗੁਰਸਿਮਰਨਜੀਤ ਸਿੰਘ ਵੱਲੋਂ ਬਹੁਤ ਸੁਚੱਜੇ ਢੰਗ ਨਾਲ ਕੀਤਾ ਗਿਆ।
