ਰੇਹੜੀ ਵਰਕਰ 20 ਮਈ ਨੂੰ ਹੜਤਾਲ ਕਰਕੇ ਇਫਟੂ ਦੀ ਰੈਲੀ ਵਿਚ ਕਰਨਗੇ ਸ਼ਮੂਲੀਅਤ

ਨਵਾਂਸ਼ਹਿਰ- ਰੇਹੜੀ ਵਰਕਰਜ਼ ਯੂਨੀਅਨ 20 ਮਈ ਨੂੰ ਹੜਤਾਲ ਕਰਕੇ ਇਫਟੂ ਵਲੋਂ ਨਵਾਂਸ਼ਹਿਰ ਵਿਖੇ ਕੀਤੀ ਜਾ ਰਹੀ ਰੈਲੀ ਵਿਚ ਭਰਵੀਂ ਹਾਜਰੀ ਲਾਉਣਗੇ।ਇਸ ਦਿਨ ਰੇਹੜੀ ਵਰਕਰ ਮੁਕੰਮਲ ਹੜਤਾਲ ਕਰਨਗੇ।ਇਹ ਫੈਸਲਾ ਨਵਾਂਸ਼ਹਿਰ ਵਿਖੇ ਰੇਹੜੀ ਵਰਕਰਾਂ ਦੀ ਭਰਵੀਂ ਮੀਟਿੰਗ ਵਿਚ ਲਿਆ।ਇਸ ਮੀਟਿੰਗ ਵਿਚ ਫਲਾਂ ਦੀਆਂ ਰੇਹੜੀਆਂ ਲਾਉਣ ਵਾਲੇ, ਸਬਜੀ ਰੇਹੜੀ, ਜੂਸ ਰੇਹੜੀ, ਕੁਲਚਾ ਰੇਹੜੀ ਅਤੇ ਹੋਰ ਕੰਮਕਾਜ ਦੀਆਂ ਰੇਹੜੀਆਂ ਵਾਲੇ ਰੇਹੜੀ ਵਰਕਰਾਂ ਨੇ ਭਾਗ ਲਿਆ।

ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਪੰਜਾਬ ਦੇ  ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ, ਜਿਲਾ ਸਕੱਤਰ ਪਰਵੀਨ ਕੁਮਾਰ ਨਿਰਾਲਾ ਨੇ ਕਿਹਾ ਕਿ  ਅੱਜ ਕਿਰਤੀ ਵਰਗ ਅੱਗੇ ਬੜੀਆਂ ਵੱਡੀਆਂ ਚਣੌਤੀਆਂ ਹਨ।ਮੋਦੀ ਸਰਕਾਰ ਨੇ ਪਹਿਲੇ ਮਜਦੂਰ ਪੱਖੀ ਕਿਰਤ ਕਾਨੂੰਨ ਰੱਦ ਕਰਕੇ ਮਜਦੂਰ ਵਿਰੋਧੀ ਅਤੇ ਪੂੰਜੀਪਤੀ ਪੱਖੀ ਚਾਰ ਕਿਰਤ ਕੋਡ ਲਿਆਂਦੇ ਹਨ ਜੋ ਕਿਰਤੀ ਵਰਗ ਉੱਤੇ ਮੋਦੀ ਸਰਕਾਰ ਦਾ ਬਹੁਤ ਵੱਡਾ ਹਮਲਾ ਹੈ। ਦੇਸ਼ ਵਿਚ ਕੰਮ ਸਥਾਨਾਂ ਦੀ ਅਸੁਰੱਖਿਆ ਨਿੱਤ ਮਜਦੂਰਾਂ ਦੀਆਂ ਜਾਨਾਂ ਲੈ ਰਹੀ ਹੈ।
ਮਾਲਕਾਂ ਖਿਲਾਫ ਕੋਈ ਕਾਰਵਾਈ ਕਰਨ ਦੀ ਥਾਂ ਕੇਂਦਰ ਦੀ ਮੋਦੀ ਸਰਕਾਰ ਅਤੇ ਸੂਬਾ ਸਰਕਾਰਾਂ ਮਾਲਕਾਂ ਦੀ ਪਿੱਠ ਥਾਪੜ ਰਹੀਆਂ ਹਨ। ਇਹ ਸਰਕਾਰਾਂ ਕਿਰਤੀਆਂ, ਕਿਸਾਨਾਂ, ਮੁਲਾਜਮਾ ਦੇ ਪੁਰਅਮਨ ਰੈਲੀਆਂ, ਧਰਨਿਆਂ ਅਤੇ ਮੁਜਾਹਰਿਆਂ ਉੱਤੇ ਫਾਸ਼ੀਵਾਦੀ ਹੱਲੇ ਬੋਲ ਰਹੀਆਂ ਹਨ। ਸਰਕਾਰਾਂ ਲੋਕਾਂ ਵਿਚ ਧਾਰਮਿਕ ਜਨੂੰਨ ਭੜਕਾ ਕੇ ਉਹਨਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਭਟਕਾ ਕੇ ਪੂੰਜੀਪਤੀਆਂ ਦੀ ਸੇਵਾ ਕਰ ਰਹੀਆਂ ਹਨ। ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਤੋਂ ਦੁਖੀ ਆਮ ਜਨਤਾ ਕਰਾਹ ਰਹੀ ਹੈ। ਹਾਕਮ ਜਮਾਤੀ ਪਾਰਟੀਆਂ ਦੀਆਂ ਸਰਕਾਰਾਂ ਜਮਹੂਰੀ ਅਤੇ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਖੁਦ ਹੀ ਪੈਰਾਂ ਹੇਠ ਦਰੜ ਰਹੀਆਂ ਹਨ। ਪਰਵਾਸੀ ਮਜਦੂਰਾਂ ਵਿਰੁੱਧ ਕੂੜ ਪ੍ਰਚਾਰ ਕਰਕੇ ਮਜਦੂਰ ਵਿਰੋਧੀ ਮਹੌਲ ਸਿਰਜਿਆ ਜਾ ਰਿਹਾ ਹੈ ਜਿਸ ਵਿਚ ਸਰਕਾਰੀ ਏਜੰਸੀਆਂ ਬਹੁਤ ਹੀ ਘਟੀਆ ਹੱਥਕੰਡੇ ਵਰਤ ਰਹੀਆਂ ਹਨ। 
ਉਹਨਾਂ ਨੇ ਮਜਦੂਰ ਵਰਗ ਨੂੰ ਸੁਚੇਤ ਰਹਿਣ  ਅਤੇ ਆਪਣੀ ਤਾਕਤ ਨੂੰ ਜਥੇਬੰਦ ਕਰਕੇ ਆਪਣੇ ਆਪ ਨੂੰ ਤਿੱਖੇ ਸੰਘਰਸ਼ਾਂ ਵਿਚ ਪਾਉਣ ਦਾ ਸੱਦਾ ਦਿੱਤਾ। ਰੇਹੜੀ ਵਰਕਰਾਂ ਨੇ ਮੀਟਿੰਗ ਵਿਚ  20 ਮਈ ਨੂੰ ਹੜਤਾਲ ਕਰਕੇ ਇਫਟੂ ਵਲੋਂ ਬੱਸ ਅੱਡਾ ਨਵਾਂਸ਼ਹਿਰ ਵਿਖੇ ਕੀਤੀ ਜਾ ਰਹੀ ਰੈਲੀ ਵਿਚ ਭਰਵੀਂ ਹਾਜਰੀ ਲਵਾਉਣ ਅਤੇ ਹੋਰ ਮਤਿਆਂ ਨੂੰ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ। ਇਸ ਮੌਕੇ ਰੇਹੜੀ ਵਰਕਰ ਯੂਨੀਅਨ ਦੇ ਪ੍ਰਧਾਨ ਹਰੇ ਰਾਮ,ਕਿਸ਼ੋਰ ਕੁਮਾਰ, ਗੋਪਾਲ, ਰਾਜੂ,ਕਪਿਲ, ਹਰੀ ਰਾਮ ਅਤੇ ਹੋਰ ਆਗੂ ਵੀ ਮੌਜੂਦ ਸਨ।