ਤੂਫਾਨ ਕਾਰਨ ਸੈਕਟਰ 79 ਵਿੱਚ 20 ਫੁੱਟ ਉੱਚੀਆਂ ਟੀਨ ਦੀਆਂ ਚਾਦਰਾਂ ਡਿੱਗਣ ਕਾਰਨ ਲੋਕਾਂ ਦੀਆਂ ਗੱਡੀਆਂ ਨੁਕਸਾਨੀਆਂ

ਐਸ.ਏ.ਐਸ. ਨਗਰ, 22 ਮਈ- ਸੈਕਟਰ 79 ਵਿੱਚ ਬੀਤੀ ਸ਼ਾਮ ਨੂੰ ਆਈ ਹਨੇਰੀ ਵਿੱਚ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਬਣਾਏ ਜਾ ਰਹੇ ਫਲੈਟਾਂ ਵਾਲੀ ਥਾਂ ’ਤੇ ਚਾਰਦੀਵਾਰੀ ਦੀ ਥਾਂ ਲਗਾਈਆਂ 20-20 ਫੁੱਟ ਉੱਚੀਆਂ ਟੀਨ ਦੀਆਂ ਚਾਦਰਾਂ ਸੈਕਟਰ ਨਿਵਾਸੀਆਂ ਦੀਆਂ ਗੱਡੀਆਂ ਉੱਪਰ ਡਿੱਗ ਪਈਆਂ, ਜਿਸ ਕਾਰਨ ਕਈ ਗੱਡੀਆਂ ਨੁਕਸਾਨੀਆਂ ਗਈਆਂ।

ਐਸ.ਏ.ਐਸ. ਨਗਰ, 22 ਮਈ- ਸੈਕਟਰ 79 ਵਿੱਚ ਬੀਤੀ ਸ਼ਾਮ ਨੂੰ ਆਈ ਹਨੇਰੀ ਵਿੱਚ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਬਣਾਏ ਜਾ ਰਹੇ ਫਲੈਟਾਂ ਵਾਲੀ ਥਾਂ ’ਤੇ ਚਾਰਦੀਵਾਰੀ ਦੀ ਥਾਂ ਲਗਾਈਆਂ 20-20 ਫੁੱਟ ਉੱਚੀਆਂ ਟੀਨ ਦੀਆਂ ਚਾਦਰਾਂ ਸੈਕਟਰ ਨਿਵਾਸੀਆਂ ਦੀਆਂ ਗੱਡੀਆਂ ਉੱਪਰ ਡਿੱਗ ਪਈਆਂ, ਜਿਸ ਕਾਰਨ ਕਈ ਗੱਡੀਆਂ ਨੁਕਸਾਨੀਆਂ ਗਈਆਂ।
ਮਿਉਂਸਪਲ ਕੌਂਸਲਰ ਸ੍ਰੀ ਹਰਜੀਤ ਸਿੰਘ ਭੋਲੂ ਨੇ ਦੱਸਿਆ ਕਿ ਸੈਕਟਰ 79 ਵਿੱਚ ਸੋਹਾਣਾ ਥਾਣੇ ਦੇ ਸਾਹਮਣੇ ਵਾਲੀ ਥਾਂ ’ਤੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਫਲੈਟਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਉਸਾਰੀ ਕਰਨ ਵਾਲੇ ਠੇਕੇਦਾਰ ਵੱਲੋਂ ਇਸ ਸਾਈਟ ਦੇ ਸਾਰੇ ਪਾਸੇ 20 ਫੁੱਟ ਉੱਚੀਆਂ ਟੀਨ ਦੀਆਂ ਚਾਦਰਾਂ ਖੜ੍ਹੀਆਂ ਕਰਕੇ ਓਹਲਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਠੇਕੇਦਾਰ ਵੱਲੋਂ ਇੱਥੇ ਚਾਦਰਾਂ ਤਾਂ ਖੜ੍ਹੀਆਂ ਕਰ ਦਿੱਤੀਆਂ ਗਈਆਂ ਸਨ ਪਰੰਤੂ ਉਨ੍ਹਾਂ ਲਈ ਮਜਬੂਤ ਸਪੋਰਟ ਨਾ ਬਣਾਏ ਜਾਣ ਕਾਰਨ ਪਹਿਲਾਂ ਹੀ ਲੱਗ ਰਿਹਾ ਸੀ ਕਿ ਇਹ ਚਾਦਰਾਂ ਕਿਸੇ ਵੇਲੇ ਵੀ ਡਿੱਗ ਸਕਦੀਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਸੈਕਟਰ ਨਿਵਾਸੀਆਂ ਵੱਲੋਂ ਖਦਸ਼ਾ ਜਾਹਿਰ ਕਰਨ ’ਤੇ ਉਨ੍ਹਾਂ ਵੱਲੋਂ ਇਸ ਠੇਕੇਦਾਰ ਨਾਲ ਗੱਲ ਵੀ ਕੀਤੀ ਸੀ ਪਰੰਤੂ ਉਸ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਉਨ੍ਹਾਂ ਗਮਾਡਾ ਦੇ ਈ.ਓ. ਨਾਲ ਵੀ ਗੱਲ ਕੀਤੀ ਸੀ, ਜਿਨ੍ਹਾਂ ਵੱਲੋਂ ਇਸ ਸੰਬੰਧੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਸੀ ਪਰੰਤੂ ਕੁਝ ਨਹੀਂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ 5 ਵਜੇ ਦੇ ਕਰੀਬ ਜਦੋਂ ਤੂਫਾਨ ਆਇਆ ਤਾਂ ਇਹ ਟੀਨ ਦੀਆਂ ਚਾਦਰਾਂ ਉਖੜ ਕੇ ਲੋਕਾਂ ਦੀਆਂ ਗੱਡੀਆਂ ’ਤੇ ਜਾ ਕੇ ਡਿੱਗੀਆਂ, ਜਿਸ ਕਾਰਨ 15-20 ਗੱਡੀਆਂ ਦਾ ਨੁਕਸਾਨ ਹੋਇਆ, ਹਾਲਾਂਕਿ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਜਦੋਂ ਵਸਨੀਕਾਂ ਨੇ ਕੰਪਨੀ ਵਾਲਿਆਂ ਨੂੰ ਇਹ ਟੀਨਾਂ ਉਠਾਉਣ ਲਈ ਕਿਹਾ ਤਾਂ ਉਨ੍ਹਾਂ ਨੇ ਕੋਈ ਵੀ ਕਦਮ ਨਹੀਂ ਉਠਾਇਆ।
ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਵਸਨੀਕਾਂ ਦੇ ਨਾਲ ਉੱਥੇ ਧਰਨਾ ਲਾਉਣ ਅਤੇ ਪ੍ਰੋਜੈਕਟ ਦਾ ਕੰਮ ਰੁਕਵਾਉਣ ਦੀ ਧਮਕੀ ਦਿੱਤੀ ਤਾਂ ਕੰਪਨੀ ਵੱਲੋਂ ਉੱਥੋਂ ਟੀਨਾਂ ਚੁਕਾਉਣ ਦਾ ਕੰਮ ਆਰੰਭ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਟੀਨਾਂ ਡਿੱਗਣ ਨਾਲ ਬਿਜਲੀ ਮਹਿਕਮੇ ਦਾ ਵੀ ਨੁਕਸਾਨ ਹੋਇਆ ਅਤੇ ਬੀਤੀ ਸ਼ਾਮ 5 ਵਜੇ ਤੋਂ ਸੈਕਟਰ ਦੇ ਮਕਾਨ ਨੰਬਰ 1500 ਤੋਂ 1616 ਵਿੱਚ ਬਿਜਲੀ ਸਪਲਾਈ ਬੰਦ ਪਈ ਹੈ।
ਕੌਂਸਲਰ ਹਰਜੀਤ ਸਿੰਘ ਭੋਲੂ ਨੇ ਮੰਗ ਕੀਤੀ ਕਿ ਜਿਨ੍ਹਾਂ ਵਸਨੀਕਾਂ ਦੀਆਂ ਗੱਡੀਆਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ। ਉਨ੍ਹਾਂ ਕੰਪਨੀ ਦੇ ਪ੍ਰਬੰਧਕਾਂ ਨੂੰ ਤਾੜਨਾ ਕੀਤੀ ਕਿ ਜੇਕਰ ਉਨ੍ਹਾਂ ਨੇ ਅੱਜ ਸ਼ਾਮ ਤੱਕ ਟੀਨਾਂ ਨਾ ਚੁੱਕੀਆਂ ਤਾਂ ਉਹ ਕੰਪਨੀ ਵਾਲਿਆਂ ਉੱਤੇ ਕਾਨੂੰਨੀ ਕਾਰਵਾਈ ਕਰਨਗੇ।